ਰਤਨ ਸਿੰਘ ਢਿੱਲੋਂ
ਅੰਬਾਲਾ, 28 ਜਨਵਰੀ
ਪੁਲੀਸ ਨੇ ਅੱਜ ਸਵੇਰੇ ਕਰੀਬ 11 ਵਜੇ ਸ਼ੰਭੂ ਟੌਲ ਪਲਾਜ਼ਾ ਖੁੱਲ੍ਹਵਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਜੋ ਕਿਸਾਨਾਂ ਨੇ ਬਿਨਾਂ ਕਿਸੇ ਦੇਰੀ ਦੇ ਇਕੱਠੇ ਹੋ ਕੇ ਨਾਕਾਮ ਕਰ ਦਿੱਤੀ। ਇਸ ਮੌਕੇ ਕਿਸਾਨਾਂ ਨੇ ਖੱਟਰ, ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕਿਸਾਨਾਂ ਦੀ ਟੌਲ ਪਲਾਜ਼ਾ ਖੋਲ੍ਹਣ ਸਬੰਧੀ ਪੁਲੀਸ ਅਤੇ ਟੌਲ ਮੁਲਾਜ਼ਮਾਂ ਨਾਲ ਲੰਮੀ-ਚੌੜੀ ਤਕਰਾਰ ਵੀ ਹੋਈ। ਭਾਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਗੁਲਾਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੱਕੀ ਸੂਚਨਾ ਮਿਲੀ ਸੀ ਕਿ ਕਰਮਚਾਰੀਆਂ ਨੇ ਸਵੇਰੇ 11 ਵਜੇ ਟੌਲ ਪਲਾਜ਼ਾ ਚਾਲੂ ਕਰ ਦੇਣਾ ਹੈ। ਠੀਕ 11 ਵਜੇ ਕਰਮਚਾਰੀਆਂ ਨੇ ਪੁਲੀਸ ਦੀ ਮੌਜੂਦਗੀ ਵਿੱਚ ਗਰੀਨ ਲਾਈਟ ਸ਼ੁਰੂ ਕਰ ਦਿੱਤੀ ਤੇ ਫਾਸਟ ਟੈਗ ਰਾਹੀਂ ਟੌਲ ਕੱਟਣਾ ਸ਼ੁਰੂ ਹੋ ਗਿਆ। ਪੁਲੀਸ ਨੇ ਕਿਸਾਨਾਂ ਨੂੰ ਟੌਲ ਪਲਾਜ਼ਾ ਖਾਲੀ ਕਰਨ, ਟਰੈਕਟਰ-ਟਰਾਲੀਆਂ ਹਟਾਉਣ ਅਤੇ ਲੰਗਰ ਬੰਦ ਕਰਨ ਜਾਂ ਕਿਸੇ ਹੋਰ ਥਾਂ ਲਿਜਾਣ ਲਈ ਜ਼ੋਰ ਪਾਇਆ ਪਰ ਕਿਸਾਨਾਂ ਨੇ ਇਹ ਕਹਿ ਕੇ ਸਾਫ਼ ਇਨਕਾਰ ਕਰ ਦਿੱਤਾ ਕਿ ਗੁਰੂ ਨਾਨਕ ਦਾ ਚਲਾਇਆ ਲੰਗਰ ਕਦੇ ਬੰਦ ਨਹੀਂ ਹੋ ਸਕਦਾ। ਪੁਲੀਸ ਦਾ ਕਹਿਣਾ ਸੀ ਕਿ ਹਿਸਾਰ ਰੋਡ ਦਾ ਸੈਣੀ ਮਾਜਰਾ ਵਾਲਾ ਅਤੇ ਕਰਨਾਲ ਵਾਲਾ ਟੌਲ ਪਲਾਜ਼ਾ ਖੁੱਲ੍ਹ ਗਏ ਹਨ, ਇਸ ਲਈ ਇਹ ਵੀ ਅੱਜ ਤੋਂ ਖੁੱਲ੍ਹੇਗਾ। ਟੌਲ ਪਲਾਜ਼ਾ ਤੇ ਲੰਗਰ ਨੂੰ ਲੈ ਕੇ ਕਿਸਾਨਾਂ ਦੀ ਪੁਲੀਸ ਨਾਲ ਬਹਿਸ ਵੀ ਹੋਈ। ਗੁਲਾਬ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਪੁੱਜੇ ਕਿਸਾਨਾਂ ਅਤੇ ਨੌਜਵਾਨਾਂ ਨੇ ਜ਼ੋਰਦਾਰ ਪ੍ਰਦਰਸ਼ਨ ਕਰਕੇ ਟੌਲ ਪਲਾਜ਼ਾ ਦੀ ਗਰੀਨ ਲਾਈਟ ਬੰਦ ਕਰਵਾ ਦਿੱਤੀ ਅਤੇ ਸਰਕਾਰ ਦੀ ਟੌਲ ਪਲਾਜ਼ਾ ਖੋਲ੍ਹਣ ਦੀ ਸਕੀਮ ਫੇਲ੍ਹ ਹੋ ਗਈ। ਸਿਰਫ਼ 5 ਮਿੰਟਾਂ ਲਈ ਫਾਸਟ ਟੈਗ ਵਾਲੀਆਂ ਗੱਡੀਆਂ ਜ਼ਰੂਰ ਲੰਘਾਈਆਂ ਗਈਆਂ ਪਰ ਕੋਈ ਪਰਚੀ ਨਹੀਂ ਕੱਟਣ ਦਿੱਤੀ ਗਈ। ਆਗੂ ਨੇ ਕਿਹਾ ਕਿ ਜਦ ਤਕ ਸਰਕਾਰ ਤਿੰਨੇ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ ਤਦ ਤਕ ਦਿੱਲੀ ਸਮੇਤ ਸਾਰੇ ਧਰਨੇ ਜਾਰੀ ਰਹਿਣਗੇ।