ਪੱਤਰ ਪ੍ਰੇਰਕ
ਰਤੀਆ, 10 ਮਈ
ਡੀਜੀਪੀ ਵੱਲੋਂ ਬਣਾਈ ਸਪੈਸ਼ਲ ਪੁਲੀਸ ਸਟਾਫ਼ ਪੰਚਕੂਲਾ ਦੀ ਟੀਮ ਨੇ ਰਤੀਆ ਪੁਲੀਸ ਦੇ ਸਹਿਯੋਗ ਨਾਲ ਪਿੰਡ ਤਾਮਸਪੁਰਾ ਦੇ ਇੱਕ ਘਰ ’ਚ ਕੋਲਡ ਡਰਿੰਕ ਬਣਾਉਣ ਵਾਲੀ ਫੈਕਟਰੀ ’ਚ ਛਾਪਾ ਮਾਰਿਆ। ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਦੇ ਘਰ ਵਿੱਚ ਨਕਲੀ ਕੋਲਡ ਡਰਿੰਕ ਬਣਾਈ ਜਾ ਰਹੀ ਹੈ ਪਰ ਸਬੰਧਤ ਫੈਕਟਰੀ ਦੇ ਮਾਲਕ ਕੋਲ ਰਿਟੇਲ ਦਾ ਲਾਇਸੈਂਸ ਹੋਣ ਕਾਰਨ ਪੁਲੀਸ ਨੇ ਮੌਕੇ ’ਤੇ ਹੀ ਫੂਡ ਐਂਡ ਸੇਫਟੀ ਵਿਭਾਗ ਦੀ ਟੀਮ ਨੂੰ ਬੁਲਾ ਕੇ ਫੈਕਟਰੀ ਵਿੱਚ ਤਿਆਰ ਕੀਤੀ ਜਾ ਰਹੀ ਕੋਲਡ ਡਰਿੰਕ ਦੇ ਸੈਂਪਲ ਭਰਵਾਏ ਅਤੇ ਜਾਂਚ ਲਈ ਲੈਬ ਭੇਜੇ। ਸਬੰਧਤ ਪੁਲੀਸ ਟੀਮ ਨੇ ਫੈਕਟਰੀ ਮਾਲਕ ਨੂੰ ਲੈਬ ਦੀ ਰਿਪੋਰਟ ਆਉਣ ਤੱਕ ਫੈਕਟਰੀ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਜਾਣਕਾਰੀ ਮੁਤਾਬਕ ਡੀਜੀਪੀ ਵੱਲੋਂ ਸਪੈਸ਼ਲ ਸਟਾਫ਼ ਦੇ ਇੰਚਾਰਜ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਗਠਿਤ ਟੀਮ ਨੇ ਸਦਰ ਥਾਣਾ ਪੁਲੀਸ ਅਤੇ ਨਾਗਪੁਰ ਪੁਲੀਸ ਚੌਕੀ ਦੀ ਟੀਮ ਨਾਲ ਪਿੰਡ ਤਾਮਸਪੁਰਾ ਦੇ ਕੋਲ ਇਕ ਘਰ ਵਿੱਚ ਚੱਲ ਰਹੀ ਕੋਲਡ ਡਰਿੰਕ ਦੀ ਫੈਕਟਰੀ ’ਚ ਛਾਪਾ ਮਾਰਿਆ। ਇਸ ਦੌਰਾਨ ਸਦਰ ਥਾਣਾ ਇੰਚਾਰਜ ਰਮੇਸ਼ ਕੁਮਾਰ ਵੀ ਮੌਜੂਦ ਸਨ। ਪੁਲੀਸ ਅਧਿਕਾਰੀਆਂ ਨੇ ਸਬੰਧਤ ਫੈਕਟਰੀ ਮਾਲਕ ਤੋਂ ਦਸਤਾਵੇਜ਼ ਮੰਗੇ ਤਾਂ ਉਨ੍ਹਾਂ ਜਿੱਥੇ ਕੇਟੀ ਬਰਾਂਡ ਦੇ ਕੋਲਡ ਡਰਿੰਕ ਦੇ ਰਿਟੇਲ ਵਿਕਰੀ ਦੇ ਦਸਤਾਵੇਜ਼ ਪੇਸ਼ ਕਰ ਦਿੱਤੇ, ਉੱਥੇ ਹੀ ਉਨ੍ਹਾਂ ਹੋਰ ਅਪਲਾਈ ਕੀਤੇ ਦਸਤਾਵੇਜ ਵੀ ਪੇਸ਼ ਕੀਤੇ। ਕਾਰਵਾਈ ਦੌਰਾਨ ਫੈਕਟਰੀ ਵਿੱਚ ਅਜਿਹਾ ਕੋਈ ਵੀ ਬਰਾਂਡ ਪੁਲੀਸ ਦੇ ਹੱਥ ਨਹੀਂ ਲੱਗਿਆ, ਜੋ ਹੋਰ ਕਿਸੇ ਕੰਪਨੀ ਦਾ ਹੋਵੇ। ਇਸ ਉਪਰੰਤ ਪੁਲੀਸ ਨੇ ਰਾਤ ਨੂੰ ਹੀ ਫੂਡ ਐਂਡ ਸੇਫਟੀ ਵਿਭਾਗ ਦੇ ਅਧਿਕਾਰੀ ਸੁਰਿੰਦਰ ਪੂਨੀਆ ਨੂੰ ਮੌਕੇ ’ਤੇ ਬੁਲਾ ਲਿਆ। ਇਸ ਦੌਰਾਨ ਸਬੰਧਤ ਅਧਿਕਾਰੀ ਨੇ ਰਾਤ ਸਮੇਂ ਸੈਂਪਲ ਲੈਣ ਤੋਂ ਆਪਣੀ ਅਸਮਰੱਥਤਾ ਪ੍ਰਗਟਾਈ, ਜਿਸ ਉਪਰੰਤ ਸਵੇਰੇ ਪੁਲੀਸ ਦੀ ਮੌਜੂਦਗੀ ਵਿੱਚ ਹੀ ਉਪਰੋਕਤ ਅਧਿਕਾਰੀ ਨੇ 7 ਸੈਂਪਲ ਲੈ ਕੇ ਉਨ੍ਹਾਂ ਨੂੰ ਜਾਂਚ ਲਈ ਲੈਬ ਵਿੱਚ ਭੇਜ ਦਿੱਤਾ। ਫੂਡ ਐਂਡ ਸੇਫਟੀ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਜਾਂਚ ਉਪਰੰਤ ਜੋ ਵੀ ਰਿਪੋਰਟ ਆਵੇਗੀ, ਉਸ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਜਦੋਂ ਤੱਕ ਰਿਪੋਰਟ ਨਹੀਂ ਆਉਂਦੀ, ਉਦੋਂ ਤੱਕ ਕੋਲਡ ਡਰਿੰਕ ਦੀ ਸਪਲਾਈ ਬੰਦ ਰਹੇਗੀ।