ਸਿਰਸਾ: ਬਿਜਲੀ ਸੋਧ ਬਿੱਲ ਦਾ ਵਿਰੋਧ ਅਤੇ ਹੋਰ ਮੰਗਾਂ ਦੀ ਪੂਰਤੀ ਲਈ ਹਰਿਆਣਾ ਦੇ ਬਿਜਲੀ ਮੰਤਰੀ ਨੂੰ ਮੰਗ ਪੱਤਰ ਦੇਣ ਜਾਂਦੇ ਬਿਜਲੀ ਮੁਲਾਜ਼ਮਾਂ ਨੂੰ ਪੁਲੀਸ ਨੇ ਬਾਲ ਭਵਨ ਨੇੜੇ ਬੈਰੀਕੇਡ ਲਾ ਕੇ ਰੋਕ ਲਿਆ। ਇਸ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣੇ ਅੰਦੋਲਨ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ। ਪੂਰੇ ਹਰਿਆਣਾ ਤੋਂ ਬਿਜਲੀ ਮੁਲਾਜ਼ਮ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰ ਯੂਨੀਅਨ ਦੇ ਬੈਨਰ ਹੇਠ ਰੇਲਵੇ ਪਾਰਕ ਇਕੱਠੇ ਹੋਏ ਜਿੱਥੋਂ ਪ੍ਰਦਰਸ਼ਨ ਕਰਦਿਆਂ ਬਾਲ ਭਵਨ ਤੱਕ ਪੁੱਜੇ। ਪੁਲੀਸ ਨੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕ ਲਿਆ। ਬਿਜਲੀ ਮੁਲਾਜ਼ਮ ਜਿੱਥੇ ਬਿਜਲੀ ਸੋਧ ਬਿੱਲ 2022 ਦਾ ਵਿਰੋਧ ਕਰ ਰਹੇ ਹਨ ਉੱਥੇ ਹੀ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਨੂੰ ਭੰਗ ਕਰਨ, ਬਰਾਬਰ ਕੰਮ ਬਰਾਬਰ ਵੇਤਨ ਲਾਗੂ ਕਰਨ, ਪੁਰਾਣੀ ਪੈਨਸ਼ਨ ਨੀਤੀ ਲਾਗੂ ਆਦਿ ਮੁੱਖ ਮੰਗਾਂ ਦੀ ਪੂਰਤੀ ਦੀ ਮੰਗ ਕਰ ਰਹੇ ਸਨ। ਇਸ ਮੌਕੇ ਪੂਰੇ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਬਿਜਲੀ ਮੁਲਾਜ਼ਮ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ