ਪ੍ਰਭੂ ਦਿਆਲ
ਸਿਰਸਾ, 20 ਮਈ
ਕਣਕ ’ਤੇ ਬੋਨਸ ਅਤੇ ਕਿਸਾਨਾਂ ਉੱਤੇ ਦਰਜ ਮੁਕੱਦਮੇ ਰੱਦ ਕਰਵਾਉਣ ਲਈ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੀ ਕੋਠੀ ਵਿੱਚ ਮੰਗ ਪੱਤਰ ਦੇਣ ਜਾਂਦੇ ਕਿਸਾਨਾਂ ਨੂੰ ਪੁਲੀਸ ਨੇ ਬਾਬਾ ਭੂਮਣ ਸ਼ਾਹ ਚੌਕ ’ਤੇ ਬੈਰੀਕੇਡ ਲਾ ਕੇ ਰੋਕ ਲਿਆ। ਪੁਲੀਸ ਵੱਲੋਂ ਕਿਸਾਨਾਂ ਨੂੰ ਰੋਕੇ ਜਾਣ ਮਗਰੋਂ ਕਿਸਾਨਾਂ ਨੇ ਚੌਕ ’ਚ ਧਰਨਾ ਦਿੱਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਾਣਕਾਰੀ ਮੁਤਾਬਿਕ ਕਿਸਾਨ ਸੰਘਰਸ਼ ਸਮਿਤੀ ਹਰਿਆਣਾ ਤੇ ਪੱਗੜੀ ਸੰਭਾਲ ਜੱਟਾ ਦੇ ਬੈਨਰ ਹੇਠ ਕਿਸਾਨ ਜਾਟ ਧਰਮਸ਼ਾਲਾ ’ਚ ਇਕੱਠੇ ਹੋਏ ਜਿਥੋਂ ਪ੍ਰਦਰਸ਼ਨ ਕਰਦੇ ਹੋਏ ਉਹ ਬਾਬਾ ਭੂਮਣ ਸ਼ਾਹ ਚੌਕ ’ਤੇ ਪੁੱਜੇ। ਉਥੇ ਉਨ੍ਹਾਂ ਨੂੰ ਪੁਲੀਸ ਨੇ ਰੋਕ ਲਿਆ। ਕਿਸਾਨ ਆਪਣੀਆਂ ਮੰਗਾਂ ਸਬੰਧੀ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਰਣਜੀਤ ਸਿੰਘ ਦੀ ਕੋਠੀ ਜਾ ਕੇ ਉਨ੍ਹਾਂ ਨੂੰ ਮੰਗ ਪੱਤਰ ਦੇਣਾ ਚਾਹੁੰਦੇ ਸਨ। ਕਿਸਾਨਾਂ ਦੀ ਅਗਵਾਈ ਕਰ ਰਹੇ ਪੱਗੜੀ ਸੰਭਾਲ ਜੱਟਾ ਦੇ ਸੂਬਾਈ ਪ੍ਰਧਾਨ ਮਨਦੀਪ ਨਥਵਾਨ ਨੇ ਦੱਸਿਆ ਕਿ ਕਿਸਾਨ ਕਣਕ ’ਤੇ ਪੰਜ ਸੌ ਰੁਪਏ ਪ੍ਰਤੀ ਕੁਇੰਟਲ ਬੋਨਸ ਤੋਂ ਇਲਾਵਾ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ’ਤੇ ਦਰਜ ਮੁਕੱਦਮੇ ਰੱਦ ਕਰਨ, ਨਹਿਰਾਂ ਵਿੱਚ ਪਾਣੀ ਪੰਦਰਾਂ ਦਿਨ ਦੇਣ, ਬਿਜਲੀ ਅੱਠ ਘੰਟੇ ਦੇਣ, ਟਿਊਬਵੈੱਲਾਂ ਦੇ ਬਿਜਲੀ ਕੁਨੈਕਸ਼ਨ ਬਿਨਾਂ ਸ਼ਰਤ ਦੇਣ ਅਤੇ ਐੱਮਐੱਸਪੀ ਦੀ ਗਾਰੰਟੀ ਦੀ ਮੰਗ ਕਰ ਰਹੇ ਹਨ। ਇਸ ਤੋਂ ਪਹਿਲਾਂ ਜਾਟ ਧਰਮਸ਼ਾਲ ’ਚ ਇਕੱਠੇ ਹੋਏ ਕਿਸਾਨਾਂ ਨੂੰ ਪੰਜਾਬ ਜਮਹੂਰੀ ਅਧਿਕਾਰੀ ਸਭਾ ਦੇ ਆਗੂ ਅਤੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ, ਕਿਸਾਨ ਸਭਾ ਦੇ ਆਗੂ ਸੁਵਰਨ ਸਿੰਘ ਵਿਰਕ, ਮਨਦੀਪ ਨਥਵਾਨ, ਪ੍ਰੋ. ਜੈਪਾਲ, ਸਤੀਸ਼ ਬੈਨੀਵਾਲ ਤੇ ਕੁਲਬੀਰ ਸਿੰਘ ਮੁਸਕਾਬਾਦ ਆਦਿ ਆਗੂਆਂ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ।