ਹਿਸਾਰ, 31 ਅਗਸਤ
ਗੋਆ ਪੁਲੀਸ ਦੀ ਟੀਮ ਭਾਜਪਾ ਆਗੂ ਤੇ ਟਿਕ-ਟਾਕ ਸਟਾਰ ਸੋਨਾਲੀ ਫੋਗਾਟ ਦੇ ਕਥਿਤ ਕਤਲ ਨਾਲ ਜੁੜੇ ਕੇਸ ਦੀ ਜਾਂਚ ਲਈ ਹਿਸਾਰ ਪੁੱਜ ਗਈ ਹੈ। ਗੋਆ ਪੁਲੀਸ ਅੱਜ ਪਹਿਲਾਂ ਹਿਸਾਰ ਦੇ ਸਦਰ ਪੁਲੀਸ ਸਟੇਸ਼ਨ ਪੁੱਜੀ। ਟੀਮ ਕੇਸ ਨਾਲ ਜੁੜੇ ਸਬੂਤ ਇਕੱਤਰ ਕਰਨ ਲਈ ਮਗਰੋਂ ਫੋਗਾਟ ਦੇ ਫਾਰਮ ਹਾਊਸ ਵੀ ਗਈ। ਹਰਿਆਣਾ ਪੁਲੀਸ ਨੇ ਫੋਗਾਟ ਦੇ ਫਾਰਮ ਹਾਊਸ ਦੀ ਸਾਂਭ-ਸੰਭਾਲ ਕਰਦੇ ਸ਼ਿਵਮ ਨਾਂ ਦੇ ਵਿਅਕਤੀ ਨੂੰ ਯੂਪੀ ਦੇ ਮੇਰਠ-ਗਾਜ਼ੀਆਬਾਦ ਤੋਂ ਹਿਰਾਸਤ ਵਿੱਚ ਲਿਆ ਹੈ। ਫੋਗਾਟ ਦੇ ਪਰਿਵਾਰ ਨੇ ਸ਼ਿਵਮ ਉੱਤੇ ਫਾਰਮ ਹਾਊਸ ਵਿਚੋਂ ਭਾਜਪਾ ਆਗੂ ਦਾ ਲੈਪਟਾਪ, ਮੋਬਾਈਲ, ਸੀਸੀਟੀਵੀ’ਜ਼ ਦਾ ਡੀਵੀਆਰ ਤੇ ਹੋਰ ਦਸਤਾਵੇਜ਼ ਗਾਇਬ ਕਰਨ ਦਾ ਦੋਸ਼ ਲਾਇਆ ਸੀ। ਪੁਲੀਸ ਨੇ ਉਸ ਕੋਲੋਂ ਇਹ ਚੀਜ਼ਾਂ ਬਰਾਮਦ ਕਰ ਲਈਆਂ ਹਨ। ਪੁਲੀਸ ਨੇ ਦਾਅਵਾ ਕੀਤਾ ਕਿ ਸ਼ਿਵਮ ਨੇ ਇਹ ਚੀਜ਼ਾਂ ਸੋਨਾਲੀ ਫੋਗਾਟ ਦੇ ਸਹਾਇਕ ਸੁਧੀਰ ਸਾਂਗਵਾਨ ਦੇ ਕਹਿਣ ’ਤੇ 23 ਅਗਸਤ ਨੂੰ ਉਥੋਂ ਚੁੱਕੀਆਂ ਸਨ। ਸਾਂਗਵਾਨ ਨੇ ਸੋਨਾਲੀ ਦੀ ਮੌਤ ਤੋਂ ਫੌਰੀ ਮਗਰੋਂ ਸ਼ਿਵਮ ਨੂੰ ਫੋਨ ਕੀਤਾ ਸੀ।
ਫੋਗਾਟ ਦੇ ਪਰਿਵਾਰ ਨੇ ਹਿਸਾਰ ਦੇ ਐੱਸਪੀ ਲੋਕੇਂਦਰ ਸਿੰਘ ਨਾਲ ਮੁਲਾਕਾਤ ਕਰਕੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਪਰਿਵਾਰ ਨੇ ਸੋਨਾਲੀ ਦੀ ਮੌਤ ਨੂੰ ਲੈ ਕੇ ਜਿੱਥੇ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕੀਤੇ ਹਨ, ਉਥੇ ਭਾਜਪਾ ਆਗੂ ਦੀ ਮੁਟਿਆਰ ਧੀ ਯਸ਼ੋਧਰਾ ਨੇ ਸੀਬੀਆਈ ਜਾਂਚ ਦੀ ਮੰਗ ਦੁਹਰਾਈ ਸੀ। ਗੋਆ ਪੁਲੀਸ ਹੁਣ ਤੱਕ ਫੋਗਾਟ ਦੇ ਦੋ ਸਹਾਇਕਾਂ ਸਣੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। -ਪੀਟੀਆਈ