ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 23 ਫਰਵਰੀ
ਪਿਛਲੇ ਲੰਮੇ ਸਮੇਂ ਤੋਂ ਸ਼ਾਹਬਾਦ ਸਹਿਕਾਰੀ ਖੰਡ ਮਿੱਲ ਵਿੱਚੋਂ ਨਿਕਲਣ ਵਾਲੀ ਕਾਲੀ ਸੁਆਹ ਕਰ ਕੇ ਸ਼ਾਹਬਾਦ ਤੇ ਆਸ ਪਾਸ ਦੇ ਪਿੰਡਾਂ ਵਿਚ ਰਹਿਣ ਵਾਲੇ ਲੋਕ ਕਾਫੀ ਪ੍ਰੇਸ਼ਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਦਿਨ ਤੇ ਰਾਤ ਮਿੱਲ ਦੀ ਚਿਮਨੀ ਵਿੱਚੋਂ ਨਿਕਲਣ ਵਾਲੀ ਸੁਆਹ ਘਰ ਦੀਆਂ ਛੱਤਾਂ ਤੇ ਬਾਹਰ ਵਿਹੜਿਆਂ ਵਿਚ ਖਿਲਰੀ ਹੁੰਦੀ ਹੈ। ਇਸ ਕਰਕੇ ਘਰਾਂ ਵਿਚ ਸੁੱਕਣੇ ਪਾਏ ਹੋਏ ਕੱਪੜੇ ਵੀ ਖਰਾਬ ਹੋ ਜਾਂਦੇ ਹਨ। ਇਸ ਤੋਂ ਇਲਾਵਾ ਦੋ ਪਹੀਆ ਵਾਹਨਾਂ ’ਤੇ ਲੰਘਣਾ ਵੀ ਔਖਾ ਹੈ ਕਿਉਂਕਿ ਇਹ ਸੁਆਹ ਅੱਖਾਂ ਵਿਚ ਪੈਂਦੀ ਹੈ। ਸੁਆਹ ਦੇ ਉਡਣ ਵਾਲੇ ਕਣਾਂ ਕਰਕੇ ਰਸੋਈ ਘਰਾਂ ਵਿਚ ਭੋਜਨ ਵੀ ਖਰਾਬ ਹੋ ਜਾਂਦਾ ਹੈ । ਇਸ ਦੇ ਨਾਲ ਸਾਹ ਆਦਿ ਬੀਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਕਈ ਵਾਰ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ , ਮਿੱਲ ਦੇ ਐੱਮਡੀ ਤੇ ਸੀਐਮ ਵਿੰਡੋ ’ਤੇ ਸ਼ਿਕਾਇਤ ਦਰਜ ਕਰਾਈ ਹੈ ਪਰ ਸਮੱਸਿਆ ਦਾ ਕੋਈ ਹਲ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਸੁਆਹ ਕਾਰਨ ਉਨ੍ਹਾਂ ਦਾ ਜਿਉਣਾ ਦੁੱਬਰ ਹੋਇਆ ਪਿਆ ਹੈ। ਉਨ੍ਹਾਂ ਇਸ ਸਬੰਧੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।