ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 27 ਸਤੰਬਰ
ਇਲਾਕੇ ਦੇ ਲੋਕਾਂ ਨੂੰ ਸਸਤੀਆਂ ਸਹੂਲਤਾਂ ਦੇਣ ਵਾਲੇ ਸ਼ਹੀਦ ਬਾਬਾ ਭਾਈ ਵੀਰ ਸਿੰਘ ਬੈਰਸੀਆਣਾ ਸਾਹਿਬ ਦੇ ਨਾਂ ’ਤੇ ਬਣੇ ਬਾਬਾ ਬੈਰਸੀਆਣਾ ਚੈਰੀਟੇਬਲ ਹਸਪਤਾਲ ਨੂੰ ਜਾਣ ਵਾਲੀ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਗਰੀਨ ਸਿਟੀ ਕਲੋਨੀ ਵਾਸੀਆਂ, ਬੈਰਸੀਆਣਾ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਸਰਧਾਲੂਆਂ, ਹਸਪਤਾਲ ਨੂੰ ਜਾਣ ਵਾਲੇ ਮਰੀਜ਼ਾਂ, ਦਿੜ੍ਹਬਾ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਸੜਕ ਵਿੱਚ ਵੱਡੇ-ਵੱਡੇ ਟੋਏ ਪੈ ਚੁੱਕੇ ਹਨ।
ਗਰੀਨ ਸਿਟੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਮ ਸਿੰਘ ਨਾਗਰੀ, ਸਾਬਕਾ ਪ੍ਰਧਾਨ ਰਣਜੀਤ ਸਿੰਘ ਅਤੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਗਰੀਨ ਸਿਟੀ ਕਲੋਨੀ ਵਿੱਚੋਂ ਦੀ ਜਾਣ ਵਾਲੀ ਇਹ ਸੜਕ ਉਪਰ ਦੀ ਜਿੱਥੇ ਸਾਰਾ ਦਿਨ ਬੈਰਸੀਆਣਾ ਹਸਪਤਾਲ ਨੂੰ ਮਰੀਜ਼ਾਂ ਦਾ ਕਾਫੀ ਆਉਣਾ-ਜਾਣਾ ਹੈ, ਉੱਥੇ ਬੈਰਸੀਆਣਾ ਗੁਰਦੁਆਰਾ ਸਾਹਿਬ ਵਿੱਚ ਦਸਵੀਂ ਵਾਲੇ ਦਿਨ ਹਜ਼ਾਰਾਂ ਦੀ ਤਾਇਦਾਦ ਵਿੱਚ ਲੋਕ ਆਉਂਦੇ ਹਨ ਅਤੇ ਸੜਕ ਦੀ ਹਾਲਤ ਮਾੜੀ ਹੋਣ ਕਾਰਨ ਕਈਆਂ ਨੂੰ ਮੋਟਰਸਾਈਕਲ ਤੋਂ ਡਿੱਗ ਕੇ ਸੱਟਾਂ ਲੱਗੀਆਂ ਹਨ, ਜਦੋਂ ਕਿ ਇਸ ਸੜਕ ਦੀ ਦੂਰੀ ਦਿੱਲੀ- ਲੁਧਿਆਣਾ ਕੌਮੀ ਮਾਰਗ ਤੋਂ ਮਸਾਂ 300 ਮੀਟਰ ਹੈ। ਹਸਪਤਾਲ ਜਾਣ ਸਮੇਂ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਦਿੜ੍ਹਬਾ ਵਾਸੀਆਂ ਨੇ ਇਸ ਸੜਕ ਦੀ ਤੁਰੰਤ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ।