ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 26 ਦਸੰਬਰ
ਖੇਡ ਤੇ ਯੁਵਾ ਮਾਮਲਿਆਂ ਦੇ ਮੰਤਰੀ ਸੰਦੀਪ ਸਿੰਘ ਨੇ ਕਿਹਾ ਹੈ ਕਿ ਤੀਰਥ ਸਥਲੀ ਪਿਹੋਵਾ ਨੂੰ ਸੈਰ ਸਪਾਟਾ ਹੱਬ ਦੇ ਰੂਪ ਵਿਚ ਵਿਕਸਿਤ ਕਰਨ ਦੀ ਯੋਜਨਾ ’ਤੇ ਸੂਬਾ ਸਰਕਾਰ ਕੰਮ ਕਰ ਰਹੀ ਹੈ। ਇੰਨਾ ਹੀ ਨਹੀਂ ਪਿਹੋਵਾ ਦੇ ਪਿੰਡਾਂ ਦਾ ਸ਼ਹਿਰਾਂ ਦੀ ਤਰਜ ’ਤੇ ਵਿਕਾਸ ਹੋਵੇਗਾ। ਖੇਡ ਮੰਤਰੀ ਸੰਦੀਪ ਸਿੰਘ ਇਥੇ ਆਪਣੀ ਰਿਹਾਇਸ਼ ’ਤੇ ਦਫਤਰ ਵਿਚ ਮੁੱਖ ਮੰਤਰੀ ਮਨੋਹਰ ਲਾਲ ਨਾਲ ਪਿਹੋਵਾ ਦੇ ਵਿਕਾਸ ਸਬੰਧੀ ਚਰਚਾ ਕਰ ਰਹੇ ਸਨ। ਮੁੱਖ ਮੰਤਰੀ ਬੀਤੀ ਦੇਰ ਸ਼ਾਮ ਅੰਤਰਰਾਸ਼ਟਰੀ ਗੀਤਾ ਜੈਅੰਤੀ ਮਹਾਂ ਉਤਸਵ ਵਿਚ ਸ਼ਿਰਕਤ ਕਰਨ ਤੋਂ ਬਾਅਦ ਅਚਾਨਕ ਚੰਡੀਗੜ੍ਹ ਜਾਂਦੇ ਸਮੇਂ ਖੇਡ ਤੇ ਯੁਵਾ ਮਾਮਲਿਆਂ ਦੇ ਮੰਤਰੀ ਸੰਦੀਪ ਸਿੰਘ ਦੇ ਸ਼ਾਹਬਾਦ ਨਿਵਾਸ ’ਤੇ ਰੁਕੇ। ਸੰਦੀਪ ਨੇ ਸਾਰੇ ਪਰਿਵਾਰ ਨੂੰ ਮੁੱਖ ਮੰਤਰੀ ਨਾਲ ਮਿਲਾਇਆ ਤੇ ਚਾਹ ਪੀਣ ਸਮੇਂ ਪਿਹੋਵਾ ਦੇ ਵਿਕਾਸ ਤੇ ਤੀਰਥ ਨਗਰੀ ਨੂੰ ਸੈਰ ਸਪਾਟਾ ਦੇ ਹੱਬ ਦੇ ਰੂਪ ਵਿਚ ਵਿਕਸਿਤ ਕਰਨ ਦੀ ਯੋਜਨਾ ’ਤੇ ਚਰਚਾ ਕੀਤੀ। ਪਿਹੋਵਾ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਫੀਡ ਬੈਕ ਦੀ ਰਿਪੋਰਟ ਵੀ ਦਿੱਤੀ। ਉਨ੍ਹਾਂ ਨੇ ਸੂਬੇ ਦੇ ਖਿਡਾਰੀਆਂ ਨੂੰ ਮੂਲਭੂਤ ਸੁਵਿਧਾਵਾਂ ਮੁਹੱਈਅ ਕਰਨ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਬਾਰੇ ਵੀ ਉਨ੍ਹਾਂ ਨਾਲ ਗੱਲ ਕੀਤੀ।