ਪੱਤਰ ਪ੍ਰੇਰਕ
ਗੂਹਲਾ ਚੀਕਾ, 29 ਅਗਸਤ
ਵਿਜੀਲੈਂਸ ਵਿਭਾਗ ਕੈਥਲ ਦੇ ਇੰਸਪੈਕਟਰ ਸੁਰੇਸ਼ ਸੈਣੀ ਕੈਥਲ ਦੀ ਟੀਮ ਨੇ ਅੱਜ ਇੱਥੇ ਪਟਵਾਰੀ ਵਿਕਾਸ ਵਾਲੀਆ ਨੂੰ 7 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਸ੍ਰੀ ਸੈਣੀ ਨੇ ਮਾਰਕੀਟ ਕਮੇਟੀ ਚੀਕਾ ਦੱਸਿਆ ਕਿ ਪਟਵਾਰੀ ਦੀ ਨਿਯੁਕਤੀ ਪਿੰਡ ਬਲਬਹੇੜਾ ਦੇ ਗੂਹਲਾ ਵਿੱਚ ਹੋਈ ਹੈ। ਉਨਾਂ ਦੱਸਿਆ ਕਿ ਜਦੋਂ ਪਿੰਡ ਬਲਬਹੇੜਾ ਦੇ ਬਲਕਾਰ ਸਿੰਘ ਨੇ ਆਪਣੀ ਵਿਰਾਸਤ ਦੀ ਰਜਿਸਟਰੀ ਕਰਵਾਉਣ ਲਈ ਸਬੰਧਤ ਪਟਵਾਰੀ ਨਾਲ ਸੰਪਰਕ ਕੀਤਾ ਤਾਂ ਉਸ ਨੇ ਕੰਮ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ। ਜਦੋਂ ਬਲਕਾਰ ਸਿੰਘ ਨੇ ਰਿਸ਼ਵਤ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਪਟਵਾਰੀ ਵਿਕਾਸ ਵਾਲੀਆ ਨੇ ਆਪਣਾ ਕੰਮ ਕਰਨ ਦੀ ਬਜਾਏ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਬਲਕਾਰ ਸਿੰਘ ਮਗਰੋਂ ਪਟਵਾਰੀ ਨੂੰ ਰਿਸ਼ਵਤ ਦੇਣ ਦਾ ਫੈਸਲਾ ਕੀਤਾ। ਬਲਕਾਰ ਨੇ ਪਟਵਾਰੀ ਨੂੰ ਪੈਸੇ ਦੇਣ ਲਈ ਕਿਹਾ ਤਾਂ ਪਟਵਾਰੀ ਨੇ ਉਸ ਨੂੰ ਕੈਥਲ ਰੋਡ ’ਤੇ ਬੱਸ ਅੱਡੇ ਕੌਲ ਬੁਲਾ ਲਿਆ। ਇਸ ਦੌਰਾਨ ਜਦੋਂ ਮਿੱਥੇ ਸਮੇਂ ਅਨੁਸਾਰ ਬਲਕਾਰ ਸਿੰਘ ਨੇ ਰਿਸ਼ਵਤ ਦੀ ਰਕਮ ਪਟਵਾਰੀ ਨੂੰ ਦਿੱਤੀ ਤਾਂ ਵਿਜੀਲੈਂਸ ਟੀਮ ਨੇ ਉਸ ਨੂੰ ਮੌਕੇ ’ਤੇ ਹੀ ਦਬੋਚ ਲਿਆ। ਮੌਕੇ ’ਤੇ ਪਟਵਾਰੀ ਨੂੰ ਨਜ਼ਦੀਕੀ ਸਥਿਤ ਮਾਰਕੀਟ ਕਮੇਟੀ ਚੀਕਾ ਦੇ ਦਫਤਰ ਵਿੱਚ ਲਿਜਾਇਆ ਗਿਆ, ਜਿੱਥੇ ਡਿਊਟੀ ਮੈਜਿਸਟ੍ਰੇਟ ਬਾਲ ਅਤੇ ਵਿਕਾਸ ਅਫਸਰ ਕੈਥਲ ਬਲਬੀਰ ਸਿੰਘ ਦੇ ਸਾਹਮਣੇ ਪਟਵਾਰੀ ਵਿਕਾਸ ਵਾਲੀਆ ਦੇ ਹੱਥ ਧੋਤੇ ਤੇ ਉਸ ਕੋਲੋਂ ਰਕਮ ਵੀ ਬਰਾਮਦ ਕੀਤੀ ਗਈ। ਉਸ ਨੇ ਦੱਸਿਆ ਕਿ ਪਟਵਾਰੀ ਨੂੰ ਮੌਕੇ ‘ਤੇ ਗਿ੍ਰਫਤਾਰ ਕਰਕੇ ਕੈਥਲ ਲਿਜਾ ਕੇ ਅਦਾਲਤ ‘ਵਿੱਚ ਪੇਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।