ਨਿੱਜੀ ਪੱਤਰ ਪ੍ਰੇਰਕ
ਸਿਰਸਾ, 29 ਅਗਸਤ
ਇੰਡੀਅਨ ਨੈਸ਼ਨਲ ਲੋਕ ਦਲ ਦੇ ਜਨਰਲ ਸਕੱਤਰ ਤੇ ਏਲਨਾਬਾਦ ਹਲਕੇ ਤੋਂ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਕਿਹਾ ਹੈ ਕਿ ਜੇ ਬਿਜਲੀ ਸੋਧ ਬਿੱਲ 2022 ਸੰਸਦ ਵਿੱਚ ਪਾਸ ਹੁੰਦਾ ਹੈ ਤਾਂ ਇਸ ਦਾ ਖੇਤੀ ਖੇਤਰ ’ਤੇ ਆਰਥਿਕ ਭਾਰ ਪਵੇਗਾ। ਉਨ੍ਹਾਂ ਪਿੰਡ ਰਘੂਆਣਾ, ਰੋਹਿੜਾਂਵਾਲੀ, ਆਨੰਦਗੜ੍ਹ, ਖਿਓਵਾਲੀ ਆਦਿ ’ਚ ਨੁਕੜ ਸਭਾਵਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੋਂ ਦੇਸ਼ ਤੇ ਸੂਬੇ ਵਿੱਚ ਭਾਜਪਾ ਸੱਤਾ ਵਿੱਚ ਆਈ ਹੈ ਉਦੋਂ ਤੋਂ ਜਨ ਵਿਰੋਧੀ ਫੈਸਲੇ ਲਏ ਜਾ ਰਹੇ ਹਨ, ਜਿਨ੍ਹਾਂ ਦਾ ਅਸਰ ਸਮਾਜ ਦੇ ਹਰ ਵਰਗ ’ਤੇ ਪੈ ਰਿਹਾ ਹੈ। ਉਨ੍ਹਾਂ ਨੇ 25 ਸਤੰਬਰ ਨੂੰ ਤਾਊ ਦੇਵੀ ਲਾਲ ਦੀ ਜੈਯੰਤੀ ਮੌਕੇ ਫਤਿਹਾਬਾਦ ’ਚ ਹੋਣ ਵਾਲੇ ਸਮਾਗਮ ’ਚ ਲੋਕਾਂ ਨੂੰ ਵੱਡੀ ਗਿਣਤੀ ’ਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਇਨੈਲੋ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਕਰੀਵਾਲਾ, ਸਾਬਕਾ ਵਿਧਾਇਕ ਸੀਤਾ ਰਾਮ, ਜਸਵੀਰ ਸਿੰਘ ਜੱਸਾ, ਜਸਵਿੰਦਰ ਬਿੰਦੂ, ਵਿਨੋਦ ਦੜਬੀ, ਮਹੰਤ ਬਲਦੇਵ ਦਾਸ, ਵਿਨੋਦ ਅਰੋੜਾ, ਵਿਨੋਦ ਬੈਨੀਵਾਲ, ਭਗਵਾਨ ਕੋਟਲੀ ਆਦਿ ਸਮੇਤ ਪਾਰਟੀ ਦੇ ਕਈ ਆਗੂ ਤੇ ਵਰਕਰ ਮੌਜੂਦ ਸਨ।