ਪੱਤਰ ਪ੍ਰੇਰ
ਯਮੁਨਾਨਗਰ, 14 ਜੂਨ
ਇੱਥੇ ਗੁਰੂ ਨਾਨਕ ਗਰਲਜ਼ ਕਾਲਜ ਵਿੱਚ ਬੀਏ, ਬੀ.ਕਾਮ ਅਤੇ ਬੀਐੱਸਸੀ ਦੀਆਂ ਸੀਨੀਅਰ ਵਿਦਿਆਰਥਣਾਂ ਲਈ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਸੁੰਦਰਤਾ ਮੁਕਾਬਲੇ ਵਿੱਚ ਲੜਕੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰੋਗਰਾਮ ਇੰਚਾਰਜ ਪ੍ਰੋਫੈਸਰ ਬਬੀਲਾ ਚੌਹਾਨ, ਡਾ. ਅੰਬਿਕਾ ਕਸ਼ਯਪ ਅਤੇ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਪਾਰਟੀ ਦਾ ਉਦਘਾਟਨ ਸੰਸਥਾ ਦੀ ਡਾਇਰੈਕਟਰ ਡਾ. ਵਰਿੰਦਰ ਗਾਂਧੀ ਅਤੇ ਪ੍ਰਿੰਸੀਪਲ ਡਾ. ਅਨੂ ਅਤਰੇਜਾ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ। ਵਿਦਿਆਰਥਣਾਂ ਨੇ ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਨ੍ਰਿਤ ਅਤੇ ਗਾਇਕੀ ਦੇ ਪ੍ਰੋਗਰਾਮਾਂ ਦੀ ਲੜੀ ਦੌਰਾਨ ਲੜਕੀਆਂ ਦੀ ਰੈਂਪ ਵਾਕ ਦਾ ਨਜ਼ਾਰਾ ਸ਼ਲਾਘਾਯੋਗ ਸੀ। ਸਮਾਗਮ ਵਿੱਚ ਲੜਕੀਆਂ ਇਨ੍ਹਾਂ ਯਾਦਗਾਰੀ ਪਲਾਂ ਨੂੰ ਆਪਣੇ ਮੋਬਾਈਲ ਵਿੱਚ ਕੈਦ ਕਰ ਰਹੀਆਂ ਸਨ। ਜੱਜਾਂ ਦੀ ਭੂਮਿਕਾ ਪ੍ਰੋਫ਼ੈਸਰ ਡਾ. ਰਮਨੀਤ ਕੌਰ, ਸੀਮਾ ਸ਼ਰਮਾ, ਬਬੀਲਾ ਚੌਹਾਨ ਅਤੇ ਡਾ. ਗੀਤੂ ਖੰਨਾ ਨੇ ਨਿਭਾਈ। ਮੁਕਾਬਲੇ ਵਿੱਚ ਹਰਜਸ਼ਨ ਕੌਰ ਨੂੰ ਮਿਸ ਟੇਲੈਂਟ, ਰਿਤਿਕਾ ਮਿਸ ਬੀਏ, ਗਗਨਦੀਪ ਕੌਰ ਮਿਸ ਬੀਕਾਮ, ਪ੍ਰਭਜੋਤ ਕੌਰ ਮਿਸ ਬੀਐੱਸਸੀ, ਕੁਲਦੀਪ ਕੌਰ ਮਿਸ ਈਵ ਆਰਟਸ, ਜੈਸਮੀਨ ਮਿਸ ਈਵ ਕਾਮਰਸ, ਕਸ਼ਿਸ਼ ਮਿਸ ਈਵ ਬੀਐੱਸਸੀ, ਸ੍ਰਿਸ਼ਟੀ ਮਿਸ ਸਮਾਇਲ ਅਤੇ ਸੁਨੈਨਾ ਨੂੰ ਮਿਸ ਹੇਅਰ ਐਲਾਨਿਆ ਗਿਆ। ਜਦਕਿ ਪਰਜਿੰਦਰ ਕੌਰ ਨੇ ਮਿਸ ਜੀਐੱਨਜੀ ਦਾ ਖਿਤਾਬ ਜਿੱਤਿਆ। ਮੁਕਾਬਲਿਆਂ ਦੇ ਸਾਰੇ ਜੇਤੂਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ । ਇਸ ਮੌਕੇ ਡਾ. ਵਰਿੰਦਰਾ ਗਾਂਧੀ ਨੇ ਸਾਰੀਆਂ ਵਿਦਿਆਰਥਣਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ।