ਪੀ.ਪੀ. ਵਰਮਾ
ਪੰਚਕੂਲਾ, 30 ਅਕਤੂਬਰ
ਪੰਚਕੂਲਾ ਜ਼ਿਲ੍ਹੇ ਵਿੱਚ ਅੱਜ ਜਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਲਈ ਅਮਨ-ਅਮਾਨ ਨਾਲ ਵੋਟਾਂ ਪਈਆਂ। ਇਨ੍ਹਾਂ ਚੋਣਾਂ ਲਈ 183 ਪੋਲਿੰਗ ਸਟੇਸ਼ਨ ਬਣਾਏ ਗਏ ਸਨ ਜਿਨ੍ਹਾਂ ਵਿੱਚ 77.9 ਪ੍ਰਤੀਸ਼ਤ ਵੋਟਾਂ ਪਈਆਂ। ਵੋਟਾਂ ਪਾਉਣ ਦਾ ਅਮਲ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲਿਆ। ਪੰਚਕੂਲਾ ਜ਼ਿਲ੍ਹੇ ਵਿੱਚ 127702 ਵੋਟਰ ਸਨ। ਇਨ੍ਹਾਂ ਵਿੱਚ 67793 ਪੁਰਸ਼ ਵੋਟਰ ਸਨ ਅਤੇ 59897 ਮਹਿਲਾਵਾਂ ਵੋਟਰ ਸਨ। ਜ਼ਿਲ੍ਹੇ ਵਿੱਚ 12 ਟਰਾਂਸਜੈਂਡਰ ਸਨ। ਪੁਲੀਸ ਵੱਲੋਂ ਚੋਣਾਂ ਅਮਨ ਅਮਾਨ ਨਾਲ ਕਰਵਾਉਣ ਲਈ ਵਿਆਪਕ ਪ੍ਰਬੰਧ ਕੀਤੇ ਹੋਏ ਸਨ। ਅੱਜ ਡਿਪਟੀ ਕਮਿਸ਼ਨਰ ਮਹਾਂਵੀਰ ਕੌਸ਼ਿਕ ਨੇ ਪਿੰਜੌਰ, ਕਾਲਕਾ, ਮੋਰਨੀ, ਅਤੇ ਬਰਵਾਲਾ ਦੇ ਪੋਲਿੰਗ ਸਟੇਸ਼ਨਾਂ ਦਾ ਦੌਰਾ ਕੀਤਾ। ਜ਼ਿਲ੍ਹਾ ਚੋਣ ਅਧਿਕਾਰੀ ਮਹਾਂਵੀਰ ਕੌਸ਼ਿਕ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਦੇ ਰਿਟਰਨਿੰਗ ਅਧਿਕਾਰੀ, ਸਹਾਇਕ ਰਿਟਰਨਿੰਗ ਅਧਿਕਾਰੀ ਡਿਊਟੀ ਮੈਜਿਸਟ੍ਰੇਟ ਤੇ ਸੈਕਟਰ ਸੁਪਰਵਾਈਜ਼ਰ ਨਿਯੁਕਤ ਕੀਤੇ ਸਨ। ਹਰਿਆਣਾ ਵਿੱਚ ਇਹ ਚੋਣਾਂ ਤਿੰਨ ਗੇੜਾਂ ਵਿੱਚ ਹੋਣੀਆਂ ਹਨ। ਤੀਜੇ ਦੌਰ ਦੀਆਂ ਚੋਣਾਂ ਤੋਂ ਬਾਅਦ ਨਤੀਜੇ ਐਲਾਨੇ ਜਾਣਗੇ।
ਸਰਪੰਚੀ ਦੇ ਉਮੀਦਵਾਰ ਨੂੰ ਨਾਂ ਵਾਪਸ ਨਾ ਲੈਣ ’ਤੇ ਗੋਲੀ ਮਾਰਨ ਦੀ ਧਮਕੀ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੰਬਾਲਾ ਜ਼ਿਲ੍ਹੇ ਦੇ ਘੜੌਲੀ ਪਿੰਡ ਦੀ ਪੰਚਾਇਤ ਦੇ ਸਰਪੰਚੀ ਦੇ ਅਹੁਦੇ ਲਈ ਖੜ੍ਹੇ ਉਮੀਦਵਾਰ ਨੂੰ ਚੋਣ ਵਿੱਚ ਬੈਠ ਜਾਣ ਦੀ ਧਮਕੀ ਮਿਲੀ ਹੈ। ਸ਼ਿਵ ਕੁਮਾਰ ਨਾਂ ਦੇ ਉਮੀਦਵਾਰ ਨੂੰ 31 ਅਕਤੂਬਰ ਨੂੰ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਨਾ ਲੈਣ ’ਤੇ ਅਣਪਛਾਤੇ ਵਿਅਕਤੀ ਨੇ ਗੋਲੀ ਮਾਰਨ ਦੀ ਧਮਕੀ ਦਿੱਤੀ ਹੈ। ਇਸ ਧਮਕੀ ਤੋਂ ਬਾਅਦ ਸ਼ਿਵ ਕੁਮਾਰ ਦਾ ਪਰਿਵਾਰ ਦਹਿਸ਼ਤ ਵਿੱਚ ਹੈ। ਉਮੀਦਵਾਰ ਦੀ ਸ਼ਿਕਾਇਤ ’ਤੇ ਸ਼ਾਹਜ਼ਾਦਪੁਰ ਪੁਲੀਸ ਨੇ ਧਾਰਾ 171-ਸੀ (2) (ਏ) ਅਤੇ 506 ਦੇ ਤਹਿਤ ਕੇਸ ਤਾਂ ਦਰਜ ਕਰ ਲਿਆ ਹੈ ਪਰ ਉਸ ਨੂੰ ਸੁਰੱਖਿਆ ਮੁਹੱਈਆ ਨਹੀਂ ਕੀਤੀ। ਸ਼ਿਵ ਕੁਮਾਰ ਨੇ ਦੱਸਿਆ ਕਿ ਉਹ ਘੜੌਲੀ ਪਿੰਡ ਦੀ ਸਰਪੰਚੀ ਲਈ ਚੋਣ ਲੜ ਰਿਹਾ ਹੈ। ਨਾਮਜ਼ਦਗੀ ਤੋਂ ਬਾਅਦ 26 ਅਕਤੂਬਰ ਨੂੰ ਉਸ ਕੋਲ ਅਣਜਾਣ ਨੰਬਰ ਤੋਂ ਫੋਨ ਆਇਆ। ਕਾਲ ਕਰਨ ਵਾਲੇ ਨੇ ਗਾਲ੍ਹਾਂ ਕੱਢਦਿਆਂ ਚੋਣ ਨਾ ਲੜਨ ਦੀ ਧਮਕੀ ਦਿੱਤੀ। 27 ਅਕਤੂਬਰ ਨੂੰ ਸਵੇਰੇ 11 ਵਜੇ ਉਸ ਨੇ ਦੁਬਾਰਾ ਫੋਨ ਕਰਕੇ ਕਿਹਾ ਕਿ ਜੇ ਉਹ ਨਾ ਬੈਠਾ ਤਾਂ ਗੋਲੀਆਂ ਨਾਲ ਭੁੰਨ ਦਿੱਤਾ ਜਾਵੇਗਾ। ਪੁਲੀਸ ਨੇ ਸ਼ਿਵ ਕੁਮਾਰ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਿਆ ਹੈ। ਏਐਸਆਈ ਛਤਰਪਾਲ ਨੇ ਦੱਸਿਆ ਕਿ ਜਿਸ ਨੰਬਰ ਤੋਂ ਕਾਲ ਕੀਤੀ ਗਈ ਉਹ ਸਾਈਬਰ ਬਰਾਂਚ ਨੂੰ ਭੇਜ ਦਿੱਤਾ ਗਿਆ ਹੈ ਅਤੇ ਨੰਬਰ ਦਾ ਵੇਰਵਾ ਮਿਲਣ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲੀਸ ਨੇ ਸ਼ਿਵ ਕੁਮਾਰ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।