ਪੱਤਰ ਪ੍ਰੇਰਕ
ਰਤੀਆ, 29 ਅਕਤੂਬਰ
ਇਥੇ ਮੰਡੀ ਰੋਡ, ਸ਼ਹੀਦ ਭਗਤ ਸਿੰਘ ਰੋਡ ਤੋਂ ਲੈ ਕੇ ਮਦਰ ਇੰਡੀਆ ਚੌਕ ਦੇ ਰਸਤੇ ਤੱਕ ਸੜਕ ’ਤੇ ਜੀਰੀ ਅਤੇ ਤੋਲਣ ਵਾਲੇ ਕੰਡੇ ਲਾਉਣ ਸਦਕਾ ਆਵਾਜਾਈ ਠੱਪ ਹੋਣ ’ਤੇ ਰਸਤੇ ਬੰਦ ਹੋ ਚੁੱਕੇ ਹਨ। ਇਸ ਨਾਲ ਫਤਿਆਬਾਦ ਰੋਡ ਤੋਂ ਟੈਲੀਫੋਨ ਐਕਸਚੇਂਜ ਰੋਡ, ਸ੍ਰੀ ਕ੍ਰਿਸ਼ਨ ਗਊਸ਼ਾਲਾਂ ਅਤੇ ਅਰੋੜਾ ਕਲੋਨੀ ਦੀਆਂ ਸੜਕਾਂ ’ਤੇ ਆਵਾਜਾਈ ’ਚ ਵਿਘਨ ਪੈ ਰਿਹਾ ਹੈ। ਜਿਸ ਸਬੰਧੀ ਸ਼ਹਿਰ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਰਕੀਟ ਕਮੇਟੀ ਦੇ ਸਕੱਤਰ ਯਸ਼ਪਾਲ ਮਹਿਤਾ ਨੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਜਲਦ ਤੋਂ ਜਲਦ ਸੜਕ ਵਿਚਾਲੇ ਪਈਆਂ ਫਸਲਾਂ ਪਾਸੇ ਕਰਨ। ਇਸ ਤੋਂ ਪਹਿਲਾਂ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਇਸ ਸੰਬੰਧੀ ਨੋਟਿਸ ਭੇਜੇ ਗਏ ਸਨ। ਫਿਲਹਾਲ ਇਸ ਸਬੰਧੀ ਕਿਸਾਨਾਂ ਅਤੇ ਆੜ੍ਹਤੀਆਂ ਵੱਲੋਂ ਇਨ੍ਹਾਂ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਇਸ ਸਮੱਸਿਆਂ ਤੋ ਜਲਦ ਨਿਜਾਤ ਦਿਵਾਈ ਜਾਵੇ। ਮਾਰਕੀਟ ਕਮੇਟੀ ਦੇ ਸਕੱਤਰ ਯਸ਼ਪਾਲ ਮਹਿਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦ ਸੜਕਾਂ ਤੋ ਫਸਲਾਂ ਨੂੰ ਹਟਾਇਆ ਜਾਵੇਗਾ।
ਝੋਨੇ ਦੀ ਖ਼ਰੀਦ ਨਾ ਹੋਣ ਖ਼ਿਲਾਫ਼ ਧਰਨਾ
ਟੋਹਾਣਾ(ਪੱਤਰ ਪ੍ਰੇਰਕ): ਭੂਨਾ ਅਨਾਜ ਮੰਡੀ ਵਿੱਚ ਝੋਨੇ ਦੀ ਦੋ ਦਿਨ ਤੋਂ ਬੰਦ ਪਈ ਬੋਲੀ ਤੋਂ ਨਾਰਾਜ਼ ਕਿਸਾਨ ਜੱਥੇਬੰਦੀਆਂ ਨੇ ਸਿਰਸਾ-ਚੰਡੀਗੜ੍ਹ ਮੁੱਖ ਸੜਕ ’ਤੇ ਧਰਨਾ ਮਾਰਿਆ ਤੇ ਦੋ ਘੰਟੇ ਤਕ ਜਾਮ ਲਾਈ ਰੱਖਿਆ। ਭੂਨਾ ਤੇ ਉਸਦੇ ਨਾਲ ਸਬੰਧਤ ਪਿੰਡਾਂ ਤੋਂ ਝੋਨਾ ਲੈ ਕੇ ਆਏ ਕਿਸਾਨ ਮੰਗ ਕਰ ਰਹੇ ਸਨ ਕਿ ਝੋਨ ਦੀ ਬੋਲੀ ਜਾਨ ਬੁੱਝ ਕੇ ਰੋਕੀ ਹੋਈ ਹੈ। ਸੜਕ ’ਤੇ ਆਵਾਜਾਈ ਰੋਕਣ ਤੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆ ਲਾਈਨਾਂ ਲਗ ਗਈਆਂ ਤੇ ਕਈ ਵਾਹਨ ਮਾਲਕਾਂ ਨੇ ਰਸਤਾ ਬਦਲ ਕੇ ਅੱਗੇ ਜਾਣਾ ਪਿਆ। ਐੱਸਐੱਚਓ ਕਪਿਲ ਸਿਹਾਗ ਤੇ ਨਾਇਬ ਤਹਿਸੀਲਦਾਰ ਭੂਨਾ ਨੇ ਮੌਕੇ ’ਤੇ ਪੁੱਜ ਕੇ ਮੰਡੀ ਵਿੱਚ ਝੋਨੇ ਦੀ ਖ਼ਰੀਦ ਦੀ ਕਾਰਵਾਈ ਅਰੰਭਣ ਤੇ ਕਿਸਾਨਾਂ ਨੇ ਸੜਕ ਖਾਲੀ ਕਰ ਦਿੱਤੀ।