ਪ੍ਰਭੂ ਦਿਆਲ
ਸਿਰਸਾ, 23 ਅਪਰੈਲ
ਪਾਣੀਪਤ ਦੇ ਮਤਲੌਡਾ ਤੋਂ ਸਿਰਸਾ ਦੀ ਸੁਮਿਤ ਗੈਸ ਏਜੰਸੀ ਲਈ ਚੱਲਿਆ ਆਕਸੀਜਨ ਦਾ ਭਰਿਆ ਟੈਂਕਰ ਰਸਤੇ ਵਿੱਚ ਹੀ ਗਾਇਬ ਹੋ ਗਿਆ, ਜਿਸ ਕਾਰਨ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਬੁੱਧਵਾਰ ਨੂੰ ਪਾਣੀਪਤ ਤੋਂ ਚੱਲੇ ਇਸ ਟੈਂਕਰ ਵਿੱਚ ਕਰੀਬ ਸਾਢੇ 8 ਟਨ ਆਕਸੀਜਨ ਸੀ। ਟਰੱਕ ਦੇ ਗਾਇਬ ਹੋਣ ’ਤੇ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਆਕਸੀਜਨ ਗੈਸ ਏਜੰਸੀਆਂ ਉੱਤੇ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਸਿਰਸਾ ਦੀ ਸੁਮਿਤ ਗੈਸ ਏਜੰਸੀ ਦੇ ਮਾਲਕ ਸੁਮਿਤ ਬਾਂਗਾ ਨੇ ਦੱਸਿਆ ਕਿ ਪਾਣੀਪਤ ਦੇ ਡਰੱਗ ਕੰਟਰੋਲਰ ਨੇ ਆਕਸੀਜਨ ਦਾ ਭਰਿਆ ਟੈਂਕਰ ਸਿਰਸਾ ਲਈ ਰਵਾਨਾ ਕੀਤਾ ਸੀ ਪਰ ਇਹ ਰਸਤੇ ਵਿੱਚ ਹੀ ਗਾਇਬ ਹੋ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਦੇ ਨਿਰਦੇਸ਼ ’ਤੇ ਸਿਰਫ਼ ਕੋਵਿਡ ਕੇਂਦਰਾਂ ਵਿੱਚ ਹੀ ਪਹਿਲ ਦੇ ਆਧਾਰ ਉੱਤੇ ਆਕਸੀਜਨ ਦੀ ਸਪਲਾਈ ਹੋ ਰਹੀ ਹੈ। ਘਰਾਂ ਅਤੇ ਉਦਯੋਗਿਕ ਇਸਤੇਮਾਲ ਲਈ ਪੂਰੀ ਤਰ੍ਹਾਂ ਰੋਕ ਹੈ। ਦੂਜੇ ਪਾਸੇ ਸਿਹਤ ਵਿਭਾਗ ਦੇ ਅਧਿਕਾਰੀ ਡਾ. ਵਿਰੇਸ਼ ਭੂਸ਼ਨ ਨੇ ਕਿਹਾ ਕਿ ਆਕਸੀਜਨ ਦੀ ਸਪਲਾਈ ਉੱਤੇ ਨਿਗਰਾਨੀ ਲਈ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਤਾਂ ਕਿ ਵੰਡ ’ਤੇ ਨਿਗਰਾਨੀ ਰੱਖੀ ਜਾ ਸਕੇ। ਨੋਡਲ ਅਧਿਕਾਰੀ ਦੀ ਆਗਿਆ ਤੋਂ ਬਿਨਾਂ ਆਕਸੀਜਨ ਦੀ ਸਪਲਾਈ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਆਕਸੀਜਨ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਪੁਲੀਸ ਕਪਤਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਇੱਕ ਆਕਸੀਜਨ ਦਾ ਟੈਂਕਰ ਪਾਣੀਪਤ ਤੋਂ ਸਿਰਸਾ ਲਈ ਚੱਲਿਆ ਸੀ ਪਰ ਰਾਹ ਵਿੱਚ ਹੀ ਲਾਪਤਾ ਹੋ ਗਿਆ, ਜਿਸ ਮਗਰੋਂ ਅੱਜ ਪੁਲੀਸ ਦੇ ਪਹਿਰੇ ਹੇਠ ਆਕਸੀਜਨ ਦਾ ਇੱਕ ਹੋਰ ਟੈਂਕਰ ਸਿਰਸਾ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਲਾਪਤਾ ਹੋਏ ਟੈਂਕਰ ਸਬੰਧੀ ਪਾਣੀਪਤ ਵਿੱਚ ਕੇਸ ਦਰਜ ਕੀਤਾ ਗਿਆ ਹੈ।