ਆਤਿਸ਼ ਗੁਪਤਾ
ਚੰਡੀਗੜ੍ਹ, 22 ਜੂਨ
ਹਰਿਆਣਾ ਵਿੱਚ 18 ਨਗਰ ਕੌਂਸਲ ਅਤੇ 28 ਨਗਰ ਪੰਚਾਇਤਾਂ ਦੀਆਂ ਚੋਣਾਂ ਵਿੱਚ ਭਾਜਪਾ-ਜੇਜੇਪੀ ਨੇ ਸਭ ਤੋਂ ਵੱਧ ਸੀਟਾਂ ’ਤੇ ਜਿੱਤ ਹਾਸਲ ਕੀਤੀ। ਚੋਣ ਨਤੀਜਿਆਂ ਅਨੁਸਾਰ ਕੁੱਲ 46 ਸ਼ਹਿਰਾਂ ਵਿੱਚੋਂ ਭਾਜਪਾ-ਜੇਜੇਪੀ ਗਠਜੋੜ ਨੇ 25 ’ਤੇ ਕਬਜ਼ਾ ਕੀਤਾ ਹੈ, ਜਦੋਂ ਕਿ 17 ’ਤੇ ਆਜ਼ਾਦ ਜੇਤੂ ਰਹੇ। ਇਨੈਲੋ ਸਿਰਫ਼ ਇਕ ’ਤੇ ਜਿੱਤੀ। ਹਰਿਆਣਾ ਦੀਆਂ ਸਥਾਨਕ ਚੋਣਾਂ ਵਿੱਚ ਪਹਿਲੀ ਵਾਰ ਹਿੱਸਾ ਲੈਣ ਵਾਲੀ ਆਮ ਆਦਮੀ ਪਾਰਟੀ (ਆਪ) ਨੇ ਇਸਮਾਈਲਾਬਾਦ ਨਗਰ ਪੰਚਾਇਤ ਵਿੱਚ ਜਿੱਤ ਹਾਸਿਲ ਕਰਕੇ ਖਾਤਾ ਖੋਲ੍ਹ ਦਿੱਤਾ ਹੈ। 18 ਨਗਰ ਕੌਂਸਲਾਂ ਵਿੱਚੋਂ ਭਾਜਪਾ ਨੇ 10 ਅਤੇ ਜੇਜੇਪੀ ਨੇ ਇਕ ’ਤੇ ਜਿੱਤ ਹਾਸਿਲ ਕੀਤੀ ਹੈ।
ਇਨੈਲੋ ਇਕ ਅਤੇ 6 ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਦੂਜੇ ਪਾਸੇ 28 ਨਗਰ ਪੰਚਾਇਤਾਂ ਦੀਆਂ ਚੋਣਾਂ ਵਿੱਚ ਭਾਜਪਾ ਅਤੇ ਜੇਜੇਪੀ ਗਠਜੋੜ ਨੇ 14 ’ਤੇ ਜਿੱਤ ਹਾਸਿਲ ਕੀਤੀ ਹੈ। ਆਜ਼ਾਦ ਉਮੀਦਵਾਰਾਂ ਨੇ 13 ਅਤੇ ਆਮ ਆਦਮੀ ਪਾਰਟੀ (ਆਪ) ਨੇ ਇਕ ’ਤੇ ਜਿੱਤ ਹਾਸਿਲ ਕੀਤੀ ਹੈ। ਪਹਿਲੀ ਵਾਰ ਕਾਂਗਰਸ ਨੇ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ’ਤੇ ਨਹੀਂ ਲੜੀਆਂ। ਇਸੇ ਕਰਕੇ ਕਈ ਆਜ਼ਾਦ ਉਮੀਦਵਾਰਾਂ ਵਿੱਚ ਕਾਂਗਰਸ ਸਮਰਥਕ ਸ਼ਾਮਲ ਹਨ।