ਪੀਪੀ ਵਰਮਾ
ਪੰਚਕੂਲਾ, 7 ਜੂਨ
ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਜਿਵੇਂ ਹਰਿਆਣਾ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਧੀਆ ਖੇਡ ਬੁਨਿਆਦੀ ਢਾਂਚਾ ਤਿਆਰ ਕੀਤਾ ਹੈ, ਉਸੇ ਤਰ੍ਹਾਂ ਹੋਰ ਸੂਬੇ ਕਰਨ ਤਾਂ ਜੋ ਰਾਜ ਅਤੇ ਕੇਂਦਰ ਸਰਕਾਰ ਮਿਲ ਕੇ ਆਪਣੇ ਮਿਸ਼ਨ ਨੂੰ ਸਾਕਾਰ ਕਰ ਸਕਣ। ਕੇਂਦਰੀ ਮੰਤਰੀ ਅੱਜ ਪੰਚਕੂਲਾ ਵਿਚ ਚੱਲ ਰਹੇ ਖੇਲ੍ਹੋ ਇੰਡੀਆ ਯੂਥ ਗੇਮਜ਼-2021 ਤਹਿਤ ਹਰਿਆਣਾ ਤੇ ਮਹਾਰਾਸ਼ਟਰ ਦੀਆਂ ਕੁੜੀਆਂ ਦੀ ਕਬੱਡੀ ਦੇ ਫਾਈਨਲ ਮੈਚ ਨੂੰ ਦੇਖਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। ਅਨੁਰਾਗ ਠਾਕੁਰ ਨੇ ਕਿਹਾ ਕਿ ਓਲੰਪਿਕ ’ਚ ਸੱਭ ਤੋਂ ਵੱਧ ਮੈਡਲ ਜਿੱਤਣ ਵਾਲੇ ਹਰਿਆਣਾ ਸੂਬੇ ’ਚ ਇਨ੍ਹਾਂ ਖੇਡਾਂ ਦਾ ਪ੍ਰਬੰਧ ਹੋ ਰਿਹਾ ਹੈ ਤੇ ਖੇਲ੍ਹੋ ਇੰਡੀਆ ਦੇ ਇਤਿਹਾਸ ਵਿੱਚ ਹੁਣ ਤਕ ਸੱਭ ਤੋਂ ਵੱਧ 8500 ਖਿਡਾਰੀ, ਤਕਨੀਕੀ ਟੀਮ ਤੇ ਕੋਚ ਇੰਨੀ ਵੱਡੀ ਗਿਣਤੀ ’ਚ ਪਹਿਲੀ ਵਾਰ ਖੇਲੋ ਇੰਡੀਆ ਵਿਚ ਹਿੱਸਾ ਲੈ ਰਹੇ ਹਨ। ਇਹ ਮਾਣ ਵਾਲੀ ਗੱਲ ਹੈ। ਇਨ੍ਹਾਂ ਖੇਡਾਂ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਪਿਆਰ ਦਰਸਾਉਂਦਾ ਹੈ ਕਿ ਅੱਜ ਖੇਲ੍ਹੋ ਇੰਡੀਆ ਯੂਥ ਗੇਮਜ਼ ਕਿੰਨੀ ਪ੍ਰਸਿੱਧੀ ਪਾ ਗਈਆਂ ਹਨ। ਪੰਚਕੂਲਾ ਵਿਚ ਚੱਲ ਰਹੀਆਂ ਇਨ੍ਹਾਂ ਖੇਡਾਂ ’ਚ 36 ਸੂਬਿਆਂ ਤੇ ਕੇਂਦਰ ਸਾਸ਼ਿਤ ਰਾਜਾਂ ਤੋਂ ਵੱਡੀ ਗਿਣਤੀ ’ਚ ਖਿਡਾਰੀ ਆਏ ਹੋਏ ਹਨ। ਇਹ ਖਿਡਾਰੀ 25 ਖੇਡਾਂ, ਜਿਨ੍ਹਾਂ ’ਚ ਆਪਣਾ ਜੌਹਰ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਭਾਰਤ ਨੇ ਖੇਡਾਂ ’ਚ ਅੱਗੇ ਵਧਣਾ ਹੈ ਤਾਂ ਓਲੰਪਿਕ ਦੇ ਨਾਲ-ਪਰੰਪਰਾਗਤ ਖੇਡਾਂ ਨੂੰ ਵੀ ਉਤਸ਼ਾਹਿਤ ਕਰਨਾ ਹੋਵੇਗਾ। ਇਸੇ ਸੋਚ ਦੇ ਨਾਲ ਇਸ ਵਾਰ ਖੇਲੋ ਇੰਡੀਆ ਯੂਥ ਗੇਮਜ਼-2021 ਵਿਚ 5 ਪਰੰਪਰਾਗਤ ਖੇਡਾਂ ਜਿਵੇਂ ਗੱਤਕਾ, ਕਲਾਰੀਪੱਟੂ, ਥਾਂਗ-ਤਾ, ਮਲਖੰਭ ਅਤੇ ਯੋਗਾਸਨ ਨੂੰ ਸ਼ਾਮਲ ਕੀਤਾ ਗਿਆ ਹੈ।