ਪੱਤਰ ਪ੍ਰੇਰਕ
ਫਰੀਦਾਬਾਦ, 1 ਜੁਲਾਈ
ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਤੇ ਪੁਲੀਸ ਸੁਪਰਡੈਂਟਾਂ ਨੂੰ ਗੈਰਕਾਨੂੰਨੀ ਖਣਨ ਕਰਨ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਸੌਂਪਦਿਆਂ ਉਨ੍ਹਾਂ ਨਾਜਾਇਜ਼ ਥਾਵਾਂ ਦਾ ਨਿੱਜੀ ਤੌਰ ’ਤੇ ਦੌਰਾ ਕਰਕੇ ਰਿਪੋਰਟ ਭੇਜਣ ਦੇ ਨਿਰਦੇਸ਼ ਵੀ ਦਿੱਤੇ ਹਨ। ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਹਦਾਇਤ ਕੀਤੀ ਕਿ ਸਬੰਧਤ ਜ਼ਿਲ੍ਹਿਆਂ ਵਿੱਚ ਹਰ ਤਰ੍ਹਾਂ ਦੀ ਗੈਰਕਾਨੂੰਨੀ ਮਾਈਨਿੰਗ ਨੂੰ ਪਹਿਲ ਦੇ ਆਧਾਰ ‘ਤੇ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਮੁਕੰਮਲ ਕਰਨ ‘ਤੇ ਨਾਜਾਇਜ਼ ਮਾਈਨਿੰਗ ਵਾਲੇ ਖੇਤਰਾਂ ਦਾ ਜਾਇਜ਼ਾ ਲੈਣ ਅਤੇ ਨਾਲ ਹੀ ਨਾਜਾਇਜ਼ ਮਾਈਨਿੰਗ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਕਾਰਵਾਈ ਯਕੀਨੀ ਬਣਾਈ ਜਾਵੇ। ਗੈਰ-ਕਾਨੂੰਨੀ ਮਾਈਨਿੰਗ ਵਾਲੇ ਖੇਤਰਾਂ ਵਿੱਚ 24 ਘੰਟੇ ਮੁਲਾਜ਼ਮ ਤਾਇਨਾਤ ਕੀਤੇ ਜਾਣ।
ਇਸ ਤੋਂ ਇਲਾਵਾ ਉਨ੍ਹਾਂ ਹਦਾਇਤ ਕੀਤਿ ਨਾਜ਼ੁਕ ਅਤੇ ਸੰਵੇਦਨਸ਼ੀਲ ਖੇਤਰਾਂ ਦੀ ਨਿਗਰਾਨੀ ਲਈ ਪਿੰਡ ਪੱਧਰ ‘ਤੇ ਸਕੱਤਰ ਤੇ ਪਟਵਾਰੀ ਤਾਇਨਾਤ ਕੀਤੇ ਜਾਣ। ਵੀਡੀਓ ਕਾਨਫਰੰਸ ਵਿੱਚ ‘ਸੀਟੀਐਮ’ ਨਸੀਬ ਕੁਮਾਰ ਨੇ ਜ਼ਿਲ੍ਹਾ ਫਰੀਦਾਬਾਦ ਦੇ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਵੀਡੀਓ ਕਾਨਫਰੰਸ ਦੌਰਾਨ ਜ਼ਿਲ੍ਹਾ ਮਾਲ ਅਫ਼ਸਰ ਬਿਜੇਂਦਰ ਰਾਣਾ, ਡੀਆਈਪੀਆਰਓ ਰਾਕੇਸ਼ ਗੌਤਮ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਾਰਜਕਾਰੀ ਇੰਜਨੀਅਰ ਦਿਨੇਸ਼ ਕੁਮਾਰ, ਮਾਈਨਿੰਗ ਵਿਭਾਗ ਦੀ ਇੰਸਪੈਕਟਰ ਨਿਰਮਲਾ ਸ਼ਰਮਾ ਤੇ ਹੋਰ ਅਧਿਕਾਰੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਨੀਮ ਪਹਾੜੀ ਇਲਾਕੇ ਫਰੀਦਾਬਾਦ, ਗੁਰੂਗ੍ਰਾਮ, ਨੰਹੂੰ , ਪਿੰਜੋਰ ਤੇ ਪੰਚਕੂਲਾ ਖਾਣ ਮਾਫ਼ੀਆ ਦੇ ਨਿਸ਼ਾਨੇ ‘ਤੇ ਰਹਿੰਦੇ ਹਨ।