ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 28 ਦਸੰਬਰ
ਹਰਿਆਣਾ ਸਰਕਾਰ ਨੇ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਨਵਜੰਮੀ ਬੱਚੀ ਦੀ ਹੱਤਿਆ ਦੇ ਮਾਮਲੇ ਸਬੰਧੀ ਜਾਂਚ ਦੇ ਹੁਕਮ ਦਿੱਤੇ ਹਨ। ਪੀਐੱਨਡੀਟੀ ਦੀ ਇੰਚਾਰਜ ਡਾ. ਬਲਵਿੰਦਰ ਕੌਰ ਦੀ ਅਗਵਾਈ ਹੇਠ ਜਾਂਚ ਕਮੇਟੀ ਬਣਾਈ ਗਈ ਹੈ। ਸੂਤਰਾਂ ਅਨੁਸਾਰ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਦਖ਼ਲ ਦੇਣ ਮਗਰੋਂ ਸੂਬਾ ਸਰਕਾਰ ਨੇ ਜਾਂਚ ਦੇ ਹੁਕਮ ਦਿੱਤੇ ਹਨ। ਪੋਸਟਮਾਰਟਮ ਰਿਪੋਰਟ ਵਿੱਚ ਬੱਚੀ ਦੀ ਗਲ ਘੁੱਟ ਕੇ ਹੱਤਿਆ ਕਰਨ ਦਾ ਖੁਲਾਸਾ ਹੋਇਆ ਸੀ, ਜਿਸ ਮਗਰੋਂ ਪੁਲੀਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ 24 ਤੋਂ 26 ਦਸੰਬਰ ਦੀ ਸਵੇਰ ਤੱਕ ਹਸਪਤਾਲ ਵਿੱਚ ਡਿਊਟੀ ’ਤੇ ਮੌਜੂਦ ਰਹੇ ਡਾਕਟਰਾਂ ਤੇ ਸਟਾਫ਼ ਨਰਸਾਂ ਸਣੇ ਸਾਰੇ ਸਟਾਫ਼ ਦਾ ਵੇਰਵਾ ਮੰਗ ਲਿਆ ਹੈ।
ਜ਼ਿਕਰਯੋਗ ਹੈ ਕਿ ਬੱਚੀ ਦੀ ਮੌਤ 26 ਦਸੰਬਰ ਨੂੰ ਸਵੇਰੇ 5 ਵਜੇ ਹੋਈ ਸੀ। ਪੁਲੀਸ ਬੱਚੀ ਦੇ ਪਿਤਾ ਮਲਕਪੁਰ (ਬਰਾੜਾ) ਵਾਸੀ ਪ੍ਰਦੀਪ ਦੇ ਬਿਆਨ ਦਰਜ ਕਰ ਚੁੱਕੀ ਹੈ। ਉਸ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਬੱਚੀ ਨੂੰ ਸਾਹ ਲੈਣ ਵਿਚ ਮੁਸ਼ਕਲ ਆ ਰਹੀ ਸੀ, ਜਦੋਂ ਡਾਕਟਰ ਨੇ ਜਾਂਚ ਕੀਤੀ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪੋਸਟਮਾਰਟਮ ਤੋਂ ਪਤਾ ਚੱਲਿਆ ਕਿ ਉਸ ਦਾ ਗਲ ਘੁੱਟਿਆ ਗਿਆ ਸੀ।