ਪੱਤਰ ਪ੍ਰੇਰਕ
ਯਮੁਨਾਨਗਰ, 16 ਸਤੰਬਰ
ਬਿਜਲੀ ਦੀਆਂ ਲਾਈਨਾਂ ਲਈ ਖੇਤਾਂ ਵਿੱਚ ਬਿਜਲੀ ਦੇ ਖੰਭੇ ਲਗਾਉਣ ਵਿਰੁੱਧ ਪਿੰਡ ਬਕਾਣਾ ਦੇ ਵਾਸੀ ਮਿਨੀ ਸਕੱਤਰੇਤ ਵਿੱਚ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕਰਨ ਲਈ ਪੁੱਜੇ। ਕਿਸਾਨ ਆਗੂ ਅਰਜੁਨ ਨੇ ਦੱਸਿਆ ਕਿ ਜਗਾਧਰੀ ਦੇ ਪਿੰਡ ਬਕਾਣਾ ਤੋਂ ਹੁੱਡਾ ਸੈਕਟਰ-18 ਤੱਕ ਬਿਜਲੀ ਵਿਭਾਗ ਵੱਲੋਂ 66 ਕੇਵੀ ਦੀ ਵੱਡੀ ਲਾਈਨ ਵਿਛਾਈ ਜਾ ਰਹੀ ਹੈ, ਜਿਸ ਲਈ ਸਾਡੇ ਖੇਤਾਂ ਦੇ ਵਿਚਾਲੇ ਬਿਜਲੀ ਦੇ ਖੰਭੇ ਲਗਾਏ ਜਾ ਰਹੇ ਹਨ। ਇਸ ਦਾ ਵਿਰੋਧ ਕਰਦਿਆਂ ਕਿਸਾਨਾਂ ਦਾ ਕਹਿਣਾ ਹੈ ਛੋਟੇ ਕਿਸਾਨਾਂ ਕੋਲ ਮਾਤਰ 1-1 ਏਕੜ ਜ਼ਮੀਨ ਹੈ, ਜਿਸ ’ਤੇ ਉਹ ਖੇਤੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ ਪਰ ਸਰਕਾਰ ਬਿਨਾਂ ਮੁਆਵਜ਼ੇ ਤੋਂ ਜ਼ਮੀਨਾਂ ’ਤੇ ਖੰਭੇ ਲਗਾ ਰਹੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਨੇ ਕੋਈ ਢੁੱਕਵਾਂ ਕਦਮ ਨਾ ਚੁੱਕਿਆ ਤਾਂ ਜਲਦੀ ਹੀ ਸੂਬਾ ਪੱਧਰ ’ਤੇ ਕਿਸਾਨ ਅੰਦੋਲਨ ਸ਼ੁਰੂ ਕਰਨ ਲਈ ਮਜਬੂਰ ਹੋਣਾ ਪਏਗਾ।