ਪੱਤਰ ਪ੍ਰੇਰਕ
ਟੋਹਾਣਾ, 27 ਅਪਰੈਲ
ਸਿਰਸਾ ਹਲਕੇ ਦੇ ਪਿੰਲ ਮਲ੍ਹੜੀ ਵਿੱਚ ਚੋਣ ਪ੍ਰਚਾਰ ਲਈ ਪੁੱਜੀ ਭਾਜਪਾ ਉਮੀਦਵਾਰ ਅਸ਼ੋਕ ਤੰਵਰ ਦੀ ਪਤਨੀ ਅਵੰਤਿਕਾ ਤੰਵਰ ਨੂੰ ਲੋਕਾਂ ਨੇ ਪਿੰਡ ’ਚ ਦਾਖਲ ਨਹੀਂ ਹੋਣ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ। ਪਿੰਡ ਦੇ ਲੋਕਾਂ ਨੇ ਭਾਜਪਾ ਟੀਮ ’ਤੇ ਮਾੜੀ ਭਾਸ਼ਾ ਬੋਲਣ ਦਾ ਦੋਸ਼ ਲਾਇਆ। ਇਸ ਮਾਮਲੇ ’ਤੇ ਪਿੰਡ ਦੀ ਪੰਚਾਇਤ ਕਰਕੇ ਚੋਣਾਂ ਸਬੰਧੀ ਸਮੂਹਿਕ ਫੈਸਲਾ ਲਿਆ ਜਾਵੇਗਾ।
ਉਥੇ ਹੀ ਪਿੰਡ ਖੋਹਲੜ (ਕੈਥਲ) ਵਿੱਚ ਚੋਣ ਪ੍ਰਚਾਰ ਲਈ ਗਏ ਨਵੀਨ ਜਿੰਦਲ ਦੀ ਟੀਮ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਸੁਆਲ ਕੀਤਾ ਕਿ ਭਾਜਪਾ ਨੇਤਾਵਾਂ ਨੇ ਤੁਹਾਨੂੰ ਚੋਰ ਕਿਹਾ ਸੀ ਫ਼ਿਰ ਵੀ ਤੁਸੀਂ ਭਾਜਪਾ ਦੀ ਝੋਲੀ ਵਿੱਚ ਕਿਉਂ ਬੈਠੇ? ਕੀ ਈਡੀ ਦੇ ਡਰਾਵੇ ਕਾਰਨ ਸ਼ਾਮਲ ਹੋਏ ਹੋ? ਸ੍ਰੀ ਜਿੰਦਲ ਨੇ ਕਿਸਾਨਾਂ ਦੇ ਰੂਬਰੂ ਹੁੰਦਿਆਂ ਕਿਹਾ, ‘‘ਸਾਲ 2013 ਦੇ ਕਾਂਗਰਸ ਰਾਜ ਵਿੱਚ ਕੇਸ ਦਰਜ ਕੀਤਾ ਗਿਆ। ਮੇਰੇ ਨਾਲ ਕੀ ਹੋਇਆ? ਕਿਉਂ ਹੋਇਆ ? ਮੈਂ ਅਲੱਗ ਤੋਂ ਤੁਹਾਨੂੰ ਸੰਤੁਸ਼ਟ ਕਰਾਂਗਾ।’’ ਕਿਸਾਨਾਂ ਦੇ ਲਖੀਮਪੁਰੀ ਖੀਰੀ ਕਾਂਡ ਦੀ ਨਾਰਾਜ਼ਗੀ ’ਤੇ ਜਿੰਦਲ ਨੇ ਕਿਹਾ ਕਿ ਤੁਹਾਡਾ ਦੁੱਖ ਜਾਇਜ਼ ਹੈ।
ਇਸੇ ਤਰ੍ਹਾਂ ਪਿੰਡ ਟਟੌਲੀ ਵਿੱਚ ਗਏ ਅਰਵਿੰਦ ਸ਼ਰਮਾ ਨੂੰ ਕਿਸਾਨਾਂ ਤੇ ਔਰਤਾਂ ਨੇ ਪਿੰਡ ਦੀ ਜੂਹ ਵਿੱਚ ਪੁੱਜਣ ’ਤੇ ਸਵਾਲ ਕੀਤਾ ਕਿ ਪੰਜ ਸਾਲ ਕਿੱਥੇ ਰਹੇ ਹੋ ? ਅਰਵਿੰਦ ਦੇ ਸਮਰਥਕਾਂ ਵੱਲੋਂ ਸਵਾਲ ਪੁੱਛਣ ਵਾਲੇ ਨੂੰ ਕਾਂਗਰਸੀ ਕਹਿਣ ’ਤੇ ਮਾਮਲਾ ਭੜਕ ਗਿਆ। ਮਾਮਲਾ ਹੱਥੋਂਪਾਈ ਤੱਕ ਜਾ ਪੁੱਜਾ। ਇਕ ਔਰਤ ਨੇ ਪੁੱਛਿਆ ਕਿ ਤੁਸੀਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਵਾਲਾ ਪੂਰਾ ਕੀਤਾ ਇਕ ਵੀ ਕੰਮ ਦੱਸੋ ਤਾਂ ਇਸੇ ਦੌਰਾਨ ਭਾਜਪਾ ਦੇ ਪ੍ਰਦੇਸ਼ ਉਪ ਪ੍ਰਧਾਨ ਸ਼ਤੀਸ਼ ਨਾਂਦਲ ਔਰਤ ਨੂੰ ਜਵਾਬ ਦੇਣ ਹੀ ਲੱਗੇ ਸੀ ਕਿ ਔਰਤ ਨੇ ਕਿਹਾ ਸਵਾਲ ਤੁਹਾਡੇ ਤੋਂ ਨਹੀਂ ਸੰਸਦ ਅਰਵਿੰਦ ਸ਼ਰਮਾ ਤੋਂ ਪੁੱਛ ਰਹੀ ਹਾਂ। ਪਿੰਡ ਦੇ ਇਕੱਠ ਵਿੱਚ ਹੱਲਾ-ਗੁੱਲਾ ਹੋਣ ’ਤੇ ਪੁਲੀਸ ਟੀਮ ਉਮੀਦਵਾਰਾਂ ਨੂੰ ਅੱਗੇ ਲੈ ਕੇ ਨਿਕਲ ਗਈ।