ਚੰਡੀਗੜ੍ਹ (ਟਨਸ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੂਬੇ ਦੇ ਪਿੰਡਾਂ ਵਿੱਚ ਕਰੋਨਾਵਾਇਰਸ ਦੇ ਕੇਸਾਂ ਵਿੱਚ ਹੋ ਰਹੇ ਵਾਧੇ ਲਈ ਕਿਸਾਨ ਅੰਦੋਲਨ ਨੂੰ ਕਾਰਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਕਾਰਨ ਪਿੰਡਾਂ ਵਿੱਚ ਕਰੋਨਾਵਾਇਰਸ ਦੇ ਪਾਜ਼ੇਟਿਵ ਕੇਸ ਅਤੇ ਮੌਤਾਂ ਦੀ ਗਿਣਤੀ ਵਧਦੀ ਜਾ ਹੀ ਹੈ। ਸ੍ਰੀ ਖੱਟਰ ਨੇ ਸੂਬੇ ਦੇ ਪਿੰਡਾਂ ਵਿੱਚ ਕਰੋਨਾ ਦੀ ਵਧਦੀ ਲਾਗ ਨੂੰ ਦੇਖਦਿਆਂ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਦੀ ਦੂਜੀ ਲਹਿਰ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਮੌਤ ਦਰ 6 ਤੋਂ 10 ਫੀਸਦੀ ਵਧ ਗਈ ਹੈ। ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਕਰੋਨਾ ਦੇ ਸਮੇਂ ਆਲ ਪਾਰਟੀ ਮੀਟਿੰਗ ਸੱਦਣ ਦੀ ਮੰਗ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਉਹ ਆਲ ਪਾਰਟੀ ਮੀਟਿੰਗ ਸੱਦਣ ਦੀ ਗੱਲ ਕਰ ਰਹੇ ਹਨ ਪਰ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਲਈ ਨਹੀਂ ਕਹਿ ਰਹੇ।