ਨਿਜੀ ਪੱਤਰ ਪ੍ਰੇਰਕ
ਅੰਬਾਲਾ, 26 ਫਰਵਰੀ
ਸ਼ਹਿਰ ਦੇ ਮਿਸ਼ਨ ਹਸਪਤਾਲ ਅਹਾਤੇ ਵਿਚ ਆਈਸੀਯੂ ਵਿਚੋਂ ਬਾਹਰ ਆਉਂਦੇ ਇਕ ਵਿਅਕਤੀ ਨੂੰ ਉਸ ਦੇ ਨਾਲ ਬਾਹਰ ਆਏ ਇਕ ਹੋਰ ਵਿਅਕਤੀ ਨੇ ਗੋਲੀਆਂ ਨਾਲ ਭੁੰਨ ਦਿੱਤਾ। ਗੋਲੀਬਾਰੀ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਬਲਦੇਵ ਨਗਰ ਥਾਣੇ ਦੀ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ। ਮ੍ਰਿਤਕ ਦੀ ਪਛਾਣ ਅਮਨ ਉਰਫ਼ ਕੱਪੂ ਦੱਸੀ ਗਈ ਹੈ। ਜਾਣਕਾਰੀ ਅਨੁਸਾਰ ਅਮਨ ਆਈਸੀਯੂ ਵਿਚ ਦਾਖਲ ਕਿਸੇ ਮਹਿਲਾ ਨੂੰ ਮਿਲਣ ਗਿਆ ਸੀ। ਇਸੇ ਦੌਰਾਨ ਵਿਕਰਮ ਬੰਟੀ ਕੌਸ਼ਲ ਵੀ ਉਥੇ ਪਹੁੰਚ ਗਿਆ। ਦੋਹਾਂ ਵਿਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਅਤੇ ਬੰਟੀ ਨੇ ਆਈਸੀਯੂ ਦੇ ਅੰਦਰ ਹੀ ਅਮਨ ’ਤੇ ਗੋਲੀ ਚਲਾ ਦਿੱਤੀ ਜੋ ਫ਼ਰਸ਼ ਵਿਚ ਲੱਗੀ। ਦੋਹਾਂ ਨੂੰ ਬਾਹਰ ਕੱਢ ਕੇ ਆਈਸੀਯੂ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ। ਸੂਤਰਾਂ ਅਨੁਸਾਰ ਬਾਹਰ ਨਿਕਲਦਿਆਂ ਹੀ ਬੰਟੀ ਨੇ ਅਮਨ ’ਤੇ ਚਾਰ ਫਾਇਰ ਕੀਤੇ ਤੇ ਮੌਕੇ ਤੋਂ ਫਰਾਰ ਹੋ ਗਿਆ। ਅਮਨ ਨੂੰ ਲਹੂ ਲੁਹਾਣ ਹਾਲਤ ਵਿਚ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਘਟਨਾ ਦੀ ਜਾਂਚ ਆਰੰਭ ਦਿਤੀ ਹੈ।