ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 23 ਮਈ
ਰੇਲਗੱਡੀ ਦਾ ਡੱਬਾ ਲਿਜਾ ਰਹੇ ਹੈਵੀ ਟਰਾਲੇ ਥੱਲੇ ਆਉਣ ਕਾਰਨ ਗਗਸੀਨਾ (ਜ਼ਿਲ੍ਹਾ ਕਰਨਾਲ) ਦੇ ਇੱਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਵਿਅਕਤੀ ਮੋਟਰਸਾਈਕਲ ’ਤੇ ਕਰਨਾਲ ਤੋਂ ਚੰਡੀਗੜ੍ਹ ਜਾ ਰਿਹਾ ਸੀ ਕਿ ਜਦੋਂ ਉਹ ਰੇਲਵੇ ਪੁਲ ’ਤੇ ਪੁੱਜਾ ਤਾਂ ਹੈਵੀ ਟਰਾਲੇ ਦੇ ਚਾਲਕ ਨੇ ਉਸਨੂੰ ਪਿੱਛੋਂ ਟੱਕਰ ਮਾਰ ਦਿੱਤੀ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਦੇ ਪਿਤਾ ਓਮ ਪ੍ਰਕਾਸ਼ ਉਰਫ਼ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਲੜਕਾ ਰਾਜਿੰਦਰ ਅਣਵਿਆਹਿਆ ਸੀ ਅਤੇ ਸਿਸਾਨਾ (ਸੋਨੀਪਤ) ਦੇ ਸ਼ਨੀ ਮੰਦਰ ’ਚ ਪੂਜਾ- ਪਾਠ ਕਰਦਾ ਸੀ। ਕੱਲ੍ਹ ਸ਼ਾਮ ਉਹ ਮੋਟਰਸਾਈਕਲ ’ਤੇ ਗਗਸੀਨਾ ਤੋਂ ਡੇਰਾ ਗੁਰੂ ਗੋਰਖ ਨਾਥ ਸੈਕਟਰ-19 ਸੀ ਚੰਡੀਗੜ੍ਹ ਲਈ ਚੱਲਿਆ ਸੀ। ਸ਼ਾਮ ਸਾਢੇ 5 ਵਜੇ ਦੇ ਕਰੀਬ ਜਦੋਂ ਉਹ ਛਾਉਣੀ ਰੇਲਵੇ ਪੁਲ ’ਤੇ ਪਹੁੰਚਾ ਤਾਂ ਰੇਲ ਦਾ ਡੱਬਾ ਲੱਦੀ ਜਾ ਰਹੇ ਹੈਵੀ ਟਰਾਲੇ ਦੇ ਚਾਲਕ ਨੇ ਉਸ ਨੂੰ ਪਿੱਛੋਂ ਸਾਈਡ ਮਾਰ ਦਿੱਤੀ। ਮੌਕੇ ’ਤੇ ਪਹੁੰਚੀ ਪੁਲੀਸ ਨੇ ਉਸ ਨੂੰ ਸਿਵਲ ਹਸਪਤਾਲ ਅੰਬਾਲਾ ਛਾਉਣੀ ਪਹੁੰਚਾਇਆ ਜਿੱਥੇ ਡਾਕਟਰ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਟਰਾਲਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੜਾਓ ਪੁਲੀਸ ਨੇ ਮ੍ਰਿਤਕ ਦੇ ਪਿਤਾ ਓਮ ਪ੍ਰਕਾਸ਼ ਦੀ ਸ਼ਿਕਾਇਤ ’ਤੇ ਟਰਾਲਾ ਚਾਲਕ ਸੰਤ ਸਿੰਘ ਵਾਸੀ ਭਿਲਾਈ ਛਤੀਸਗੜ੍ਹ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਾਦਸੇ ਵਿੱਚ ਲਹਾਰਸਾ ਦੇ ਨੌਜਵਾਨ ਦੀ ਮੌਤ
ਅੰਬਾਲਾ: ਆਪਣੀ ਡਿਊਟੀ ਖ਼ਤਮ ਕਰਕੇ ਲੰਘੀ ਰਾਤ ਮੋਟਰਸਾਈਕਲ ’ਤੇ ਘਰ ਵਾਪਸ ਜਾ ਰਹੇ ਸੁਨੀਲ ਕੁਮਾਰ (22) ਵਾਸੀ ਪਿੰਡ ਲਹਾਰਸਾ ਦੀ ਕਿਸੇ ਕਾਰ ਚਾਲਕ ਵੱਲੋਂ ਟੱਕਰ ਮਾਰਨ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਮੀਹਾਂ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਸੁਨੀਲ ਕੁਮਾਰ ਅੰਬਾਲਾ ਸ਼ਹਿਰ ਦੀ ਕੱਪੜਾ ਮਾਰਕੀਟ ਵਿੱਚ ਨੌਕਰੀ ਕਰਦਾ ਸੀ। ਲੰਘੀ ਰਾਤ ਜਦੋਂ ਉਹ 11 ਵਜੇ ਤੱਕ ਘਰ ਨਾ ਪਰਤਿਆ ਤਾਂ ਉਨ੍ਹਾਂ ਫੋਨ ਕੀਤਾ ਜੋ ਸੁਨੀਲ ਦੀ ਥਾਂ ਕਿਸੇ ਹੋਰ ਨੇ ਚੁੱਕਿਆ ਅਤੇ ਦੱਸਿਆ ਕਿ ਉਹ ਸਿਵਲ ਹਸਪਤਾਲ ਅੰਬਾਲਾ ਸ਼ਹਿਰ ਤੋਂ ਬੋਲ ਰਿਹਾ ਹੈ ਅਤੇ ਜਿਸ ਦਾ ਇਹ ਫੋਨ ਹੈ, ਉਸ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਮੀਹਾਂ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਰਾਤ ਸਮੇਂ ਮੋਟਰਸਾਈਕਲ ’ਤੇ ਘਰ ਆ ਰਿਹਾ ਸੀ ਕਿ ਸੇਖੋਂ ਪੈਟਰੋਲ ਪੰਪ ਨੇੜੇ ਕਿਸੇ ਕਾਰ ਚਾਲਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਸੈਕਟਰ 9 ਪੁਲੀਸ ਨੇ ਕਾਰ ਚਾਲਕ ਖ਼ਿਲਾਫ਼ ਧਾਰਾ 279/304-ਏ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।