ਜੀਂਦ (ਮਹਾਂਵੀਰ ਮਿੱਤਲ): ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਵੇਂ ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਦੇਰ ਰਾਤ ਜੀਂਦ ਸ਼ਹਿਰ ਪਹੁੰਚਿਆ। ਇੱਥੇ ਸ਼ਹਿਰ ਦੀ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਨਗਰ ਕੀਰਤਨ ਨਰਵਾਣਾ, ਗੁਰਦੁਆਰਾ ਨੌਵੀਂ ਪਾਤਸ਼ਾਹੀ ਖਰਕਬੂਰਾ, ਉਚਾਨਾ ਅਤੇ ਨੌਵੀਂ ਪਾਤਸ਼ਾਹੀ ਖਟਕੜ ਅਤੇ ਟੌਲ ਪਲਾਜ਼ਾ ਤੋਂ ਹੁੰਦਾ ਹੋਇਆ ਜੀਂਦ ਸ਼ਹਿਰ ਵਿੱਚ ਪਹੁੰਚਿਆ। ਨਗਰ ਕੀਰਤਨ ਦੀ ਅਗਵਾਈ ਐੱਸਜੀਪੀਸੀ ਡੱਬਵਾਲੀ ਦੇ ਮੈਂਬਰ ਜਗਸ਼ੀਰ ਸਿੰਘ ਮੰਗਿਆਨਾ ਕਰ ਰਹੇ ਸਨ। ਇਤਿਹਾਸਕ ਗੁਰਦੁਆਰਾ ਤੇਗ਼ ਬਹਾਦਰ ਸਿੰਘ ਸਾਹਿਬ ਦੇ ਪ੍ਰਬੰਧਕ ਸੁਖਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਨਗਰ ਕੀਰਤਨ ਦੇ ਸਵਾਗਤ ਨੂੰ ਲੈ ਕੇ ਸ਼ਹਿਰ ਦੀਆਂ ਸੰਗਤਾਂ ਵੱਲੋਂ ਥਾਂ-ਥਾਂ ਉੱਤੇ ਲੰਗਰ ਲਗਾਏ ਗਏ। ਗੁਰੂ ਘਰ ਦੇ ਬੁਲਾਰੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਤਿਹਾਸਕ ਨਗਰ ਕੀਰਤਨ ਦਾ ਜੀਂਦ ਸ਼ਹਿਰ ਵਿੱਚ ਆਉਣ ’ਤੇ ਪਟਿਆਲਾ ਚੌਕ ਵਿੱਚ ਸਿੰਘ ਸਭਾ, ਗੁਰਦੁਆਰਾ ਰੇਲਵੇ ਜੰਕਸ਼ਨ, ਗੁਰਦੁਆਰਾ ਬੰਦਾ ਸਿੰਘ ਬਹਾਦਰ ਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਬਿਜਲੀ ਘਰ ਦੇ ਪ੍ਰਬੰਧਕਾਂ ਵੱਲੋਂ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਨਗਰ ਕੀਰਤਨ ਦੇ ਰੁਪਿਆ ਚੌਕ ਉੱਤੇ ਪਹੁੰਚਣ ਉੱਤੇ ਗੁਰਦੁਆਰਾ ਸਿੰਘ ਸਭਾ ਭਾਰਤ ਸਿਨੇਮਾ ਰੋਡ ਅਤੇ ਪੰਜਾਬੀ ਗੁਰਦੁਆਰਾ ਝਾਂਜਗੇਟ ਦੀ ਸੰਗਤ ਵੱਲੋਂ ਅਤੇ ਸਫੀਦੋਂ ਗੇਟ ਸਥਿਤ ਦੜੇ ਉੱਤੇ ਗੁਰਦੁਆਰਾ ਬੰਦਾ ਸਿੰਘ ਬਹਾਦਰ ਅਤੇ ਗੁਰਦੁਆਰਾ ਭਾਈ ਸੋਹਣਾ ਸਿੰਘ ਦੀ ਸੰਗਤਾਂ ਨੇ ਸਵਾਗਤ ਕੀਤਾ।