ਸ਼ਾਹਬਾਦ ਮਾਰਕੰਡਾ( ਸਤਨਾਮ ਸਿੰਘ): ਇਥੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਸਮਾਗਮਾਂ ਦੀ ਲੜੀ ਵਿੱਚ ਪੰਥ ਦੇ ਮਹਾਨ ਵਿਦਵਾਨ ਗਿਆਨੀ ਸਾਹਿਬ ਸਿੰਘ, ਗਿਆਨੀ ਅੰਮ੍ਰਿਤਪਾਲ ਸਿੰਘ, ਕਥਾ ਵਾਚਕ ਯੂ ਕੇ ਵਾਲੇ, ਭਾਈ ਜਗਤੇਸ਼ਵਰ ਸਿੰਘ ਦੇ ਰਾਗੀ ਜਥੇ, ਪ੍ਰਸਿੱਧ ਕਵੀ ਇੰਜਨੀਅਰ ਕਰਮਜੀਤ ਸਿੰਘ ਨੂਰ, ਕੁਲਵੰਤ ਸਿੰਘ ਚਾਵਲਾ, ਰਫੀਕ ਤੇ ਗੁਰਸ਼ਰਨ ਸਿੰਘ ਪਰਵਾਨਾ ਨੇ ਆਪੋ-ਆਪਣੀਆਂ ਰਚਨਾਵਾਂ ਨਾਲ ਸੰਗਤਾਂ ਨੂੰ ਗੁਰੂ ਜੱਸ ਸੁਣਾ ਕੇ ਨਿਹਾਲ ਕੀਤਾ। ਇਸੇ ਸੰਦਰਭ ਵਿੱਚ ਅੱਜ ਸਵੇਰੇ ਤੜਕੇ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ, ਜਿਸਦੀ ਅਗਵਾਈ ਪੰਜ ਪਿਆਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਕੀਤੀ। ਨਗਰ ਕੀਰਤਨ ਗੁਰਦੁਆਰਾ ਗੁਰੂ ਨਾਨਕ ਦਰਬਰ ਤੋਂ ਚੱਲ ਕੇ ਗੋਪੀ ਵਿਹਾਰ, ਹੁੱਡਾ ਕਲੋਨੀ, ਅਟਾਰੀ ਕਲੋਨੀ, ਸਿਧਾਰਥ ਕਲੋਨੀ, ਜੀਟੀ ਰੋਡ ,ਬਸੰਤ ਜੀ ਦਾ ਆਰਾ, ਤੋਂ ਹੁੰਦੇ ਹੋਏ ਹੁੱਡਾ ਤੋਂ ਸਾਹਿਲ ਸਵੀਟ ਹਾਊਸ, ਕਿਲਾ ਸਿੱਖਾਂ, ਸਬਜੀ ਮੰਡੀ , ਗੁਰਦੁਆਰਾ ਮਸਤ ਗੜ ਸਾਹਿਬ ਤੋਂ ਹੁੰਦੀ ਹੋਈ ਆਪਣੇ ਨਿੱਜ ਸਥਾਨ ’ਤੇ ਸੰਪਨ ਹੋਇਆ। ਸਾਰੇ ਰਸਤਿਆਂ ਨੂੰ ਸੰਗਤਾਂ ਵੱਲੋਂ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ ਸੰਗਤਾਂ ਲਈ ਲੰਗਰ ਆਦਿ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਕੁਲਵੰਤ ਸਿੰਘ ਚਾਵਲਾ, ਕੁਲਬੀਰ ਸਿੰਘ ਕੱਕੜ, ਦਲਜੀਤ ਸਿੰਘ, ਭਗਵੰਤ ਸਿੰਘ ਗਗਨਦੀਪ ਸਿੰਘ, ਬਲਦੇਵ ਰਾਜ ਸੇਠੀ, ਗੁਰਸ਼ਰਨ ਸਿੰਘ ਪਰਵਾਨਾ, ਨਿਰੰਜਨ ਸਿੰਘ ਸੇਤੀਆ ਆਦਿ ਤੋਂ ਇਲਾਵਾ ਸੰਗਤਾਂ ਦਾ ਇਕਠ ਠਾਠਾਂ ਮਾਰ ਰਿਹਾ ਸੀ।