ਪੱਤਰ ਪ੍ਰੇਰਕ
ਏਲਨਾਬਾਦ, 22 ਜਨਵਰੀ
ਪਿੰਡ ਕੁੱਤਾਵੱਢ ਅਤੇ ਗਿੱਦੜਾਵਾਲੀ ਦੇ ਲਾਗੇ ਅੱਜ ਘੱਗਰ ਨਦੀ ਵਿੱਚ ਲੱਗੇ ਰਾਈਸ ਸ਼ੂਟ ਮੋਘਿਆਂ ਨੂੰ ਬੰਦ ਕਰਵਾਉਣ ਲਈ ਪਹੁੰਚੇ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਸਾਨਾਂ ਦੇ ਵਿਰੋਧ ਕਾਰਨ ਬੇਰੰਗ ਵਾਪਸ ਮੁੜਨਾ ਪਿਆ। ਜਾਣਕਾਰੀ ਮੁਤਾਬਿਕ ਅਧਿਕਾਰੀਆਂ ਦੇ ਆਉਣ ਦੀ ਸੂਚਨਾ ਮਿਲਦੇ ਹੀ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਮੌਕੇ ’ਤੇ ਪਹੁੰਚੇ ਅਤੇ ਧਰਨਾ ਲਗਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵਿਭਾਗ ਦੇ ਐੱਸਡੀਓ ਵਿਕਾਸ ਕੁਮਾਰ ਨੇ ਦੱਸਿਆ ਕਿ ਸਰਕਾਰ ਵੱਲੋਂ ਘੱਗਰ ਨਦੀ ਵਿੱਚ ਰਾਈਸ ਸ਼ੂਟ ਮੋਘੇ ਸਿਰਫ਼ ਝੋਨੇ ਦੇ ਸੀਜ਼ਨ ਦੌਰਾਨ ਹੀ ਲਗਾਏ ਜਾਣ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ, ਪਰ ਬਹੁਤੇ ਕਿਸਾਨ ਅਜੇ ਵੀ ਇਨ੍ਹਾਂ ਮੋਘਿਆਂ ਨੂੰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਜੇਈ ਤੇ ਹੋਰ ਅਧਿਕਾਰੀਆਂ ਨਾਲ ਮੋਘੀਆਂ ਉਖਾੜਨ ਲਈ ਪਹੁੰਚੇ ਸਨ। ਕਿਸਾਨ ਆਗੂਆਂ ਸੁਰਿੰਦਰ ਸਿੱਧੂ, ਸੁਰਜੀਤ ਸਿੰਘ ਤੇ ਗੁਰਦੀਪ ਸਿੰਘ ਨੇ ਆਖਿਆ ਕਿ 40 ਸਾਲ ਤੋਂ ਇਹ ਮੋਘੀਆਂ ਘੱਗਰ ਨਦੀ ਵਿੱਚ ਲੱਗੀਆਂ ਹੋਈਆਂ ਹਨ ਪਰ ਕਿਸੇ ਸਰਕਾਰ ਵਲੋਂ ਮੋਘੀਆਂ ਉਖਾੜਨ ਲਈ ਹੁਕਮ ਨਹੀਂ ਦਿੱਤੇ ਗਏ। ਇਸ ਵਾਰ ਏਲਨਾਬਾਦ ਜ਼ਿਮਨੀ ਚੋਣ ਵਿੱਚ ਘੱਗਰ ਬੈਲਟ ਦੇ ਕਿਸਾਨਾਂ ਵਲੋਂ ਭਾਜਪਾ ਉਮੀਦਵਾਰ ਦੇ ਵਿਰੋਧ ਕੀਤੇ ਜਾਣ ਕਾਰਨ ਸਰਕਾਰ ਰੰਜ਼ਿਸ਼ ਤਹਿਤ ਅਜਿਹਾ ਕੰਮ ਕਰ ਰਹੀ ਹੈ।