ਪੱਤਰ ਪ੍ਰੇਰਕ
ਕੁਰੂਕਸ਼ੇਤਰ, 30 ਸਤੰਬਰ
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਯੁਵਾ ਸੂਬਾਈ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ (ਹਰਿਆਣਾ ਸਟੇਟ) ਦੇ ਸੀਨੀਅਰ ਆਗੂ ਕੰਵਲਜੀਤ ਸਿੰਘ ਅਜਰਾਨਾ ਨੇ ਕਿਹਾ ਕਿ ਹਰਿਆਣਾ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲਦਿਆਂ ਹੀ ਉਨ੍ਹਾਂ ਦੀ ਤਰਜੀਹ ਸਾਰੀਆਂ ਸਿੱਖ ਸੰਸਥਾਵਾਂ ਦੇ ਸਰਬਪੱਖੀ ਵਿਕਾਸ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਸਾਰੀਆਂ ਸਿੱਖ ਸੰਸਥਾਵਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਬਿਨਾਂ ਕਿਸੇ ਭੇਦ-ਭਾਵ ਦੇ ਸਹੂਲਤਾਂ ਦਿੱਤੀਆਂ ਜਾਣਗੀਆਂ। ਕੰਵਲਜੀਤ ਸਿੰਘ ਅਜਰਾਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਮੀਰੀ ਪੀਰੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ ਸ਼ਾਹਾਬਾਦ ਦੀ ਪ੍ਰਬੰਧਕ ਕਮੇਟੀ ਵੱਲੋਂ ਮੁਲਾਜ਼ਮਾਂ ਨਾਲ ਵਿਤਕਰੇ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਮੀਰੀ ਪੀਰੀ ਟਰੱਸਟ ਦੇ ਅਹੁਦੇਦਾਰ ਮੁਲਾਜ਼ਮਾਂ ਨਾਲ ਵਧੀਕੀਆਂ ਨੂੰ ਬੰਦ ਕਰਨ, ਨਹੀਂ ਤਾਂ ਪ੍ਰਬੰਧ ਸੰਭਾਲਦਿਆਂ ਹੀ ਮੀਰੀ ਪੀਰੀ ਸੰਸਥਾ ਵਿੱਚ ਪਿਛਲੇ 8 ਸਾਲਾਂ ਦੌਰਾਨ ਹੋਏ ਉਨ੍ਹਾਂ ਦੇ ਕਾਰਨਾਮਿਆਂ ਦੀ ਜਾਂਚ ਕਰਵਾਉਣਾ ਉਨ੍ਹਾਂ ਦੀ ਪਹਿਲ ਹੋਵੇਗੀ।
ਮੁਲਾਜ਼ਮਾਂ ਨੂੰ ਨਹੀਂ ਮਿਲ ਰਹੀ ਡੀਸੀ ਰੇਟ ’ਤੇ ਤਨਖਾਹ
ਅਜਰਾਨਾ ਨੇ ਦੱਸਿਆ ਕਿ ਮੀਰੀ ਪੀਰੀ ਹਸਪਤਾਲ ਦੇਸ਼ ਦਾ ਸ਼ਾਇਦ ਪਹਿਲਾ ਅਜਿਹਾ ਅਦਾਰਾ ਹੈ, ਜਿੱਥੇ ਤਨਖ਼ਾਹ ਦੇਣ ਦਾ ਇੱਕ ਵੱਖਰਾ ਤੇ ਅਜੀਬ ਵਰਤੀਰਾ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵਿੱਚ ਜਿਹੜੇ ਮੁਲਾਜ਼ਮ ਹਰਿਆਣਾ ਦੇ ਹਨ, ਉਨ੍ਹਾਂ ਨੂੰ ਪਹਿਲਾਂ 89 ਦਿਨਾਂ ਲਈ ਠੇਕੇ ’ਤੇ ਰੱਖਿਆ ਜਾਂਦਾ ਹੈ ਅਤੇ ਫਿਰ 89 ਦਿਨਾਂ ਬਾਅਦ ਮੁੜ ਉਹੀ ਪ੍ਰਕਿਰਿਆ ਦੁਹਰਾਈ ਜਾਂਦੀ ਹੈ। ਇੰਨਾ ਹੀ ਨਹੀਂ, ਇਨ੍ਹਾਂ ਮੁਲਾਜ਼ਮਾਂ ਨੂੰ ਬਹੁਤ ਘੱਟ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ। ਹਾਲਾਂਕਿ ਲੇਬਰ ਕੋਰਟ ਵੱਲੋਂ ਹਰ ਸੰਸਥਾ ਨੂੰ ਆਪਣੇ ਕਰਮਚਾਰੀਆਂ ਨੂੰ ਘੱਟੋ-ਘੱਟ ਡੀਸੀ ਰੇਟ ’ਤੇ ਤਨਖਾਹ ਦੇਣ ਦੀਆਂ ਹਦਾਇਤਾਂ ਹਨ ਪਰ ਇਸ ਸੰਸਥਾ ਨੇ ਆਪਣੇ ਤਰੀਕੇ ਨਾਲ ਮੁਲਾਜ਼ਮਾਂ ਨੂੰ ਅੱਧੀ ਤਨਖਾਹ ’ਤੇ ਰੱਖਿਆ ਹੋਇਆ ਹੈ।