ਪੱਤਰ ਪ੍ਰੇਰਕ
ਟੋਹਾਣਾ, 14 ਅਗਸਤ
ਕਿਸਾਨ ਜਥੇਬੰਦੀਆਂ ਦੀ ਪੰਚਾਇਤ ਵਿੱਚ ਬੀਤੇ ਦਿਨ ਬਿਜਲੀ ਮੰਤਰੀ ਦੇ ਵਿਰੋਧ ਦੇ ਫੈਸਲੇ ਮਗਰੋਂ ਅੱਜ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ। ਸਕੱਤਰੇਤ ਹਾਲ ਵਿੱਚ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਮਹਾਂਵੀਰ ਕੌਸ਼ਿਕ ਤੇ ਐੱਸ.ਪੀ. ਰਾਜੇਸ਼ ਕੁਮਾਰ ਨੇ ਕਿਸਾਨ ਜਥੇਬੰਦੀਆਂ ਨੂੰ ਆਜ਼ਾਦੀ ਦਿਹਾੜੇ ਸਬੰਧੀ ਸਰਕਾਰੀ ਸਮਾਗਮ ਵਿੱਚ ਵਿਘਨ ਨਾ ਪਾਉਣ ਲਈ ਮਨਾ ਲਿਆ। ਅਧਿਕਾਰੀਆਂ ਦੀ ਮੀਟਿੰਗ ਵਿੱਚ ਕਿਸਾਨ ਸੰਘਰਸ਼ ਕਮੇਟੀ, ਸੰਯੂਕਤ ਕਿਸਾਨ ਮੋਰਚਾ, ਅਖਿਲ ਭਾਰਤੀ ਕਿਸਾਨ ਸਭਾ, ਖੇਤੀ ਬਚਾਓ ਸੰਘਰਸ਼ ਕਮੇਟੀ ਤੇ ਵਪਾਰ ਮੰਡਲ ਦੇ ਆਗੂ ਮੀਟਿੰਗ ਵਿੱਚ ਸ਼ਾਮਲ ਹੋਏ। ਇਸ ਦੌਰਾਨ ਕਿਸਾਨ ਆਗੂਆਂ ਨੇ ਫ਼ੈਸਲਾ ਲਿਆ ਕਿ 15 ਅਗਸਤ ਸਬੰਧੀ ਸਮਾਗਮ ਭੁਨਾ ਕੌਮੀ ਮਾਰਗ-9 ’ਤੇ ਹੋਵੇਗਾ ਅਤੇ ਕੌਮੀ ਝੰਡੇ ਨੂੰ ਸਨਮਾਨ ਦੇ ਕੇ ਕਿਸਾਨ ਤੈਅ ਰੂਟ ’ਤੇ ਮਾਰਚ ਕੱਢਣਗੇ। ਕਿਸਾਨ ਪੰਚਾਇਤ ਨੇ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਵਿੱਚ ਦੱਸਿਆ ਕਿ ਪੰਚਾਇਤੀ ਫੈਸਲੇ ਮੁਤਾਬਿਕ ਕਿਸਾਨ ਜਥੇਬੰਦੀਆਂ ਵੱਲੋਂ ਵੱਖ ਸਮਾਗਮ ਕੀਤਾ ਜਾਵੇਗਾ।