ਪੱਤਰ ਪ੍ਰੇਰਕ
ਫਰੀਦਾਬਾਦ, 28 ਸਤੰਬਰ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ’ਤੇ, ਐਨਐਸਯੂਆਈ ਦੇ ਵਰਕਰਾਂ ਨੇ ਪੰਡਤ ਜਵਾਹਰ ਲਾਲ ਨਹਿਰੂ ਕਾਲਜ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਹ ਪ੍ਰੋਗਰਾਮ ਐਨਐਸਯੂਆਈ ਹਰਿਆਣਾ ਦੇ ਸਾਬਕਾ ਸੂਬਾ ਜਨਰਲ ਸਕੱਤਰ ਕ੍ਰਿਸ਼ਨ ਅੱਤਰੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਸੀ। ਇਸ ਦੌਰਾਨ ਵਿਦਿਆਰਥੀਆਂ ਨੇ ‘ਇਨਕਲਾਬ ਜ਼ਿੰਦਾਬਾਦ’, ‘ਸ਼ਹੀਦ ਭਗਤ ਸਿੰਘ ਅਮਰ ਰਹੇ’ ਦੇ ਨਾਅਰੇ ਲਗਾ ਕੇ ਸ਼ਹੀਦ ਨੂੰ ਯਾਦ ਕੀਤਾ।
ਕ੍ਰਿਸ਼ਨਾ ਅੱਤਰੀ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿੱਚ ਭਗਤ ਸਿੰਘ ਨਾ ਸਿਰਫ਼ ਬਹਾਦਰ ਸ਼ਹੀਦ ਮਨੁੱਖ ਬਲਕਿ ਇੱਕ ਵਿਚਾਰਧਾਰਾ ਬਣ ਗਏ ਹਨ। ਉਹ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਦੱਸਿਆ ਕਿ ਇਸ ਦਿਨ 1907 ਵਿੱਚ ਭਾਰਤ ਮਾਤਾ ਦੇ ਕ੍ਰਾਂਤੀਕਾਰੀ ਪੁੱਤਰ ਦਾ ਜਨਮ ਹੋਇਆ ਸੀ ਜਿਸ ਨੇ ਪੂਰੇ ਦੇਸ਼ ਵਿੱਚ ਆਜ਼ਾਦੀ ਸੰਗਰਾਮ ਦਾ ਬਿਗਲ ਵਜਾਇਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 14 ਸਾਲ ਦੀ ਉਮਰ ਤੋਂ ਹੀ ਪੰਜਾਬ ਦੀਆਂ ਕ੍ਰਾਂਤੀਕਾਰੀ ਜਥੇਬੰਦੀਆਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। 13 ਅਪਰੈਲ, 1919 ਨੂੰ ਅੰਮ੍ਰਿਤਸਰ ਵਿੱਚ ਹੋਏ ਜੱਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਨੇ ਭਗਤ ਸਿੰਘ ਦੀ ਸੋਚ ’ਤੇ ਇੰਨਾ ਗਹਿਰਾ ਪ੍ਰਭਾਵ ਪਾਇਆ ਕਿ ਲਾਹੌਰ ਦੇ ਨੈਸ਼ਨਲ ਕਾਲਜ ਨੂੰ ਛੱਡ ਕੇ ਭਗਤ ਸਿੰਘ ਨੇ ਭਾਰਤ ਦੀ ਆਜ਼ਾਦੀ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ।