ਪੱਤਰ ਪ੍ਰੇਰਕ
ਰਤੀਆ, 7 ਜੂਨ
ਜਲ ਸੁਰੱਖਿਆ ਮੁਹਿੰਮ ਤਹਿਤ ਜਨ ਸਿਹਤ ਵਿਭਾਗ ਦੇ ਜ਼ਿਲ੍ਹਾ ਸਲਾਹਕਾਰ ਸ਼ਰਮਾ ਚੰਦ ਲਾਲੀ ਨੇ ਪਿੰਡ ਤਾਮਸਪੁਰਾ ਵਿੱਚ ਚੈਕਿੰਗ ਮੁਹਿੰਮ ਚਲਾਈ ਅਤੇ ਲੋਕਾਂ ਨੂੰ ਜਲ ਸੁਰੱਖਿਆ ਬਾਰੇ ਜਾਗਰੂਕ ਕੀਤਾ। ਨਿਰੀਖਣ ਦੌਰਾਨ ਟੀਮ ਪਿੰਡ ਵਿੱਚ ਪਹੁੰਚੀ ਤੇ ਦੇਖਿਆ ਕਿ ਪਿੰਡ ਦੇ ਕਾਫ਼ੀ ਘਰਾਂ ਵਿਚ ਪੀਣ ਵਾਲੇ ਪਾਣੀ ਨਾਲ ਸਬਜ਼ੀਆਂ ਲਗਾਈਆਂ ਹੋਈਆਂ ਹਨ। ਅਜਿਹੇ ਘਰਾਂ ਦੀ ਪਛਾਣ ਕਰਦਿਆਂ 11 ਨੂੰ ਨੋਟਿਸ ਦਿੱਤਾ ਗਿਆ ਕਿ ਉਹ ਆਪਣੇ ਕੁਨੈਕਸ਼ਨਾਂ ਨੂੰ ਤੁਰੰਤ ਪ੍ਰਭਾਵ ਨਾਲ ਕੱਟਣ ਨਹੀਂ ਤਾਂ ਵਿਭਾਗ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰੇਗਾ। ਇਸ ਦੇ ਨਾਲ-ਨਾਲ ਅਜਿਹੇ ਘਰਾਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਵਿੱਚ ਪੀਣ ਵਾਲੇ ਪਾਣੀ ਦੀਆਂ ਟੂਟੀਆਂ ’ਤੇ ਬੰਦ ਕਰਨ ਵਾਲੀ ਟੇਪ ਨਹੀਂ ਲੱਗੀ ਹੋਈ। ਉਨ੍ਹਾਂ ਕਿਹਾ ਕਿ ਜੇਕਰ ਖਪਤਕਾਰ ਟੇਪ ਨਹੀਂ ਲਗਵਾਉਂਦੇ ਤਾਂ ਵਿਭਾਗ ਅਜਿਹੇ ਖਪਤਕਾਰਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕਰੇਗਾ। ਇਸ ਮੌਕੇ ਜੇ.ਈ ਸੁਭਾਸ਼ ਚੰਦਰ ਨੇ ਦੱਸਿਆ ਕਿ ਵਿਭਾਗ ਵਲੋਂ ਸਪਲਾਈ ਰਾਹੀਂ ਪੀਣ ਵਾਲਾ ਪਾਣੀ ਦਿੱਤਾ ਜਾਂਦਾ ਹੈ, ਇਸ ਲਈ ਸਾਰੇ ਉਸ ਪਾਣੀ ਨੂੰ ਪੀਣ ਲਈ ਹੀ ਵਰਤਣ। ਉਨ੍ਹਾਂ ਦੱਸਿਆ ਕਿ ਲੋਕਾਂ ਵਲੋਂ ਹੋਰ ਕੰਮਾਂ ਵਿਚ ਪੀਣ ਵਾਲਾ ਪਾਣੀ ਵਰਤਣ ਨਾਲ ਪਿੰਡ ਦੇ ਕਾਫ਼ੀ ਲੋਕ ਪੀਣ ਵਾਲੇ ਪਾਣੀ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਲਈ ਸਾਰੇ ਖਪਤਕਾਰ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਅਤੇ ਵਿਭਾਗ ਦਾ ਸਹਿਯੋਗ ਕਰਨ। ਇਸ ਮੌਕੇ ਨਿਰਮਲ ਸਿੰਘ, ਮਲਕੀਤ ਸਿੰਘ, ਅਜੈ ਪਾਲ ਸਿੰਘ, ਕੁਲਦੀਪ ਸਿੰਘ ਸਮੇਤ ਵਿਭਾਗ ਦੇ ਹੋਰ ਮੁਲਾਜ਼ਮ ਹਾਜ਼ਰ ਸਨ।