ਨਰਾਇਣਗੜ੍ਹ: ਨਰਾਇਣਗੜ੍ਹ ਦੀ ਮਿਨੀ ਸਕੱਤਰੇਤ ਵਿੱਚ ਬਿਨਾਂ ਮਾਸਕ ਤੇ ਵੈਕਸੀਨੇਸ਼ਨ ਦੀ ਦੋਵੇਂ ਖੁਰਾਕ ਦੇ ਆਉਣ ਵਾਲੇ ਲੋਕਾਂ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲੱਗਾ ਦਿੱਤੀ ਗਈ। ਖੁਦ ਐੱਸਡੀਐੱਮ ਨੀਰਜ ਨੇ ਮਿਨੀ ਸਕੱਤਰੇਤ ਸਾਹਮਣੇ ਬਣੇ ਮੁੱਖ ਗੇਟ ’ਤੇ ਲੋਕਾਂ ਦੀ ਚੈੱਕਿੰਗ ਕੀਤੀ ਅਤੇ ਪੁਲੀਸ ਕਰਮਚਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ। ਇਸ ਮੌਕੇ ਐੱਸਐੱਚਓ ਵਿਜੈ ਵੀ ਹਾਜ਼ਰ ਸਨ। ਐੱਸਡੀਐੱਮ ਨੀਰਜ ਦਾ ਕਹਿਣਾ ਸੀ ਕਿ ਓਮੀਕਰੋਨ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਤੇ ਸਰਵਜਨਕ ਥਾਵਾਂ ’ਤੇ ਬਿਨਾਂ ਮਾਸਕ ਅਤੇ ਵੈਕਸੀਨੇਸ਼ਨ ਦੀ ਦੋਵੇਂ ਡੋਜ਼ ਬਿਨਾਂ ਆਉਣ ਤੇ ਪੂਰੀ ਤਰ੍ਹਾਂ ਨਾਲ ਮਨਾਹੀ ਕਰ ਦਿੱਤੀ ਹੈ ਜਿਸ ਦੇ ਮੱਦੇਨਜ਼ਰ ਹੁਣ ਨਿਯਮਾਂ ਦਾ ਪਾਲਣ ਨਾ ਕਰਨ ਵਾਲਿਆਂ ਖ਼ਿਲਾਫ਼ ਜਿੱਥੇ ਸਖ਼ਤੀ ਕੀਤੀ ਜਾਵੇਗੀ, ਉੱਥੇ ਹੀ ਬਿਨਾਂ ਮਾਸਕ ਜਾਂ ਦੋਵੇਂ ਖੁਰਾਕਾਂ ਦੇ ਕੋਈ ਵੀ ਮਿਨੀ ਸਕੱਤਰੇਤ ਵਿੱਚ ਵੜ ਨਹੀਂ ਸਕੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਸ਼ਹਿਰ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨ ਅਤੇ ਬਿਨਾਂ ਮਾਸਕ ਆਪਣੇ ਘਰਾਂ ਵਿੱਚੋਂ ਬਾਹਰ ਨਾ ਨਿਕਲਣ। ਉਨ੍ਹਾਂ ਦਾ ਕਹਿਣਾ ਸੀ ਕਿ ਜਿਹੜਾ ਨਿਯਮਾਂ ਦਾ ਪਾਲਣ ਨਹੀਂ ਕਰੇਗਾ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। -ਪੱਤਰ ਪ੍ਰੇਰਕ