ਪ੍ਰਭੂ ਦਿਆਲ
ਸਿਰਸਾ, 1 ਜਨਵਰੀ
ਭਾਵੇਂ ਹਾਲੇ ਜ਼ਿਲ੍ਹਾ ਸਿਰਸਾ ਵਿੱਚ ਓਮੀਕਰੋਨ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਨੂੰ ਰੋਕਣ ਲਈ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਹੜੇ ਲੋਕਾਂ ਨੇ ਹਾਲੇ ਤੱਕ ਕਰੋਨਾ ਵੈਕਸੀਨ ਦੀ ਪਹਿਲੀ ਡੋਜ਼ ਨਹੀਂ ਲਗਵਾਈ ਹੈ, ਉਨ੍ਹਾਂ ਦੇ ਜਨਤਕ ਥਾਵਾਂ ’ਤੇ ਜਾਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਬਿਨਾਂ ਵੈਕਸੀਨ ਵਾਲਿਆਂ ਦੇ ਵਾਹਨਾਂ ’ਚ ਜਿਥੇ ਪੈਟਰੋਲ ਪੰਪ ਤੋਂ ਤੇਲ ਭਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਉੱਥੇ ਹੀ ਰਸੋਈ ਗੈਸ ਵੀ ਅਜਿਹੇ ਲੋਕਾਂ ਨੂੰ ਦੇਣੀ ਬੰਦ ਕਰ ਦਿੱਤੀ ਗਈ ਹੈ। ਸਿਹਤ ਤੇ ਗ੍ਰਹਿ ਮੰਤਰੀ ਅਨਿਲ ਵਿਜ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕਰੋਨਾ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨਾ ਵਰਤੀ ਜਾਏ। ਗ੍ਰਹਿ ਮੰਤਰੀ ਬੀਤੇ ਕੱਲ੍ਹ ਦੇਰ ਸ਼ਾਮ ਦੁੱਖ ਨਿਵਾਰਣ ਸਮਿਤੀ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਗ੍ਰਹਿ ਤੇ ਸਿਹਤ ਮੰਤਰੀ ਨੇ ਦੱਸਿਆ ਹੈ ਕਿ ਸੂਬੇ ਵਿੱਚ 15 ਤੋਂ 18 ਸਾਲ ਦੇ 15 ਲੱਖ ਤੋਂ ਵੱਧ ਨੌਜਵਾਨ ਹਨ, ਜਿਨ੍ਹਾਂ ਨੂੰ ਕਰੋਨਾ ਵੈਕਸੀਨ ਲਗਾਈ ਜਾਣੀ ਹੈ। ਅੱਜ ਤੋਂ ਰਜਿਸਰੇਸ਼ਨ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਤਿੰਨ ਜਨਵਰੀ ਨੂੰ ਵੈਕਸੀਨ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਜਿਹੜੇ ਲੋਕਾਂ ਨੇ ਹਾਲੇ ਤੱਕ ਵੈਕਸੀਨ ਦੀ ਪਹਿਲੀ ਡੋਜ਼ ਨਹੀਂ ਲਗਵਾਈ ਹੈ, ਉਨ੍ਹਾਂ ਖ਼ਿਲਾਫ਼ ਸਖ਼ਤੀ ਕੀਤੀ ਜਾਵੇ। ਬੈਂਕਾਂ ਤੇ ਹੋਰ ਥਾਵਾਂ ’ਤੇ ਅਜਿਹੇ ਲੋਕਾਂ ਦੀ ਐਂਟਰੀ ਰੋਕੀ ਜਾਏ। ਤੇਲ ਤੇ ਸਿਲੰਡਰ ਦੇਣੇ ਅਜਿਹੇ ਲੋਕਾਂ ਨੂੰ ਬੰਦ ਕੀਤੇ ਜਾਣ ਤੇ ਜਿਹੜੇ ਲੋਕ ਕਰੋਨਾ ਨੇਮਾਂ ਦੀ ਪਾਲਣਾ ਨਹੀਂ ਕਰ ਰਹੇ, ਉਨ੍ਹਾਂ ਦੇ ਚਾਲਾਨ ਕੀਤੇ ਜਾਣ।