ਪ੍ਰਭੂ ਦਿਆਲ
ਸਿਰਸਾ, 30 ਦਸੰਬਰ
ਭਾਵੇਂ ਹਾਲੇ ਜ਼ਿਲ੍ਹਾ ਸਿਰਸਾ ਵਿੱਚ ਓਮੀਕਰੋਨ ਦਾ ਕੋਈ ਕੇਸ ਨਹੀਂ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਇਸ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ। ਨਵੇਂ ਸਾਲ ਤੋਂ ਕਰੋਨਾ ਵੈਕਸੀਨ ਨਾ ਲੁਆਉਣ ਵਾਲਿਆਂ ਲਈ ਜਿਥੇ ਬੈਂਕਾਂ ਅੰਦਰ ਦਾਖ਼ਲ ਹੋਣ ’ਤੇ ਰੋਕ ਹੋਵੇਗੀ ਉਥੇ ਹੀ ਗੈਸ ਸਿਲੰਡਰ ਵੀ ਖਪਤਕਾਰਾਂ ਨੂੰ ਨਹੀਂ ਮਿਲੇਗਾ ਤੇ ਨਾ ਹੀ ਪੈਟਰੋਲ ਪੰਪਾਂ ਤੋਂ ਵਾਹਨਾਂ ਲਈ ਤੇਲ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਨੇ ਦੱਸਿਆ ਕਿ ਕਰੋਨਾ ਤੋਂ ਬਚਾਅ ਲਈ ਵੈਕਸੀਨ ਦੀਆਂ ਦੋਵੇਂ ਡੋਜ਼ ਜ਼ਰੂਰੀ ਹਨ। ਜਿਹੜੇ ਲੋਕਾਂ ਨੇ ਹਾਲੇ ਤੱਕ ਵੈਕਸੀਨ ਨਹੀਂ ਲੁਆਈ ਹੈ, ਉਨ੍ਹਾਂ ਦੀ ਇਕ ਜਨਵਰੀ ਤੋਂ ਬੈਂਕਾਂ ਅੰਦਰ ਦਾਖ਼ਲੇ ’ਤੇ ਰੋਕ ਰਹੇਗੀ। ਇਸ ਤੋਂ ਇਲਾਵਾ ਬੱਸ, ਰੇਲ ਗੱਡੀ, ਮੈਰਿਜ ਹਾਲ, ਰੈਸਟੋਰੈਂਟ, ਸਰਕਾਰੀ ਦਫ਼ਤਰਾਂ ਤੋਂ ਇਲਾਵਾ ਜਨਤਕ ਥਾਵਾਂ ਜਿਵੇਂ ਸਬਜ਼ੀ ਮੰਡੀ, ਅਨਾਜ ਮੰਡੀ ਆਦਿ ਥਾਵਾਂ ’ਤੇ ਜਾਣ ’ਤੇ ਵੀ ਰੋਕ ਰਹੇਗੀ। ਉਨ੍ਹਾਂ ਕਿਹਾ ਕਿ ਕਰੋਨਾ ਨੇਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਮਾਸਕ ਨਾ ਲਾਉਣ ਵਾਲੇ ਵਿਅਕਤੀਆਂ ਦੇ ਚਾਲਨ ਕੱਟੇ ਜਾ ਰਹੇ ਹਨ। ਰਾਸ਼ਨ ਡਿਪੂਆਂ ਤੋਂ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਰਾਸ਼ਨ ਦਿੱਤਾ ਜਾਵੇਗਾ, ਜਿਹੜੇ ਲੋਕਾਂ ਨੇ ਕਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੁਆਈਆਂ ਹੋਣਗੀਆਂ।