ਪੱਤਰ ਪ੍ਰੇਰਕ
ਫਰੀਦਾਬਾਦ, 6 ਨਵੰਬਰ
ਨਿਕਿਤਾ ਤੋਮਰ ਕਤਲ ਕਾਂਡ ਦੀ ਜਾਂਚ ਲਈ ਬਣੀ ਵਿਸ਼ੇਸ਼ ਜਾਂਚ ਟੀਮ ਵੱਲੋਂ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਚਾਰਜਸ਼ੀਟ ਤਿਆਰ ਕਰਕੇ ਅਦਾਲਤ ਵਿੱਚ ਪੇਸ਼ ਕੀਤੀ ਗਈ ਹੈ। ਚਾਰਜਸ਼ੀਟ ਵਿੱਚ 60 ਗਵਾਹ ਹਨ ਤੇ ਇਹ 700 ਸਫਿਆਂ ਉਪਰ ਫੈਲੀ ਹੋਈ ਹੈ। ਅਧਿਕਾਰੀਆਂ ਦੁਆਰਾ ਡਿਜੀਟਲ, ਫੋਰੈਂਸਿਕ ਅਤੇ ਪਦਾਰਥਕ ਸਬੂਤ ਦੇ ਆਧਾਰ ’ਤੇ ਤਿਆਰ ਕੀਤੀ ਗਈ ਇਸ ਰਿਪੋਰਟ ਦੀ ਪੁਲੀਸ ਕਮਿਸ਼ਨਰ ਓਪੀ ਸਿੰਘ ਨੇ ਨੇੜਿਓਂ ਨਿਗਰਾਨੀ ਕੀਤੀ ਗਈ ਤੇ ਸੀਨੀਅਰ ਕਾਨੂੰਨੀ ਮਾਹਰਾਂ ਦੁਆਰਾ ਕੇਸ ਦੇ ਹਰ ਕਾਨੂੰਨੀ ਪਹਿਲੂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਡਿਜੀਟਲ ਤੇ ਫੋਰੈਂਸਿਕ ਵਿਗਿਆਨ ਦੇ ਸਬੂਤ ਅਤੇ ਚਸ਼ਮਦੀਦ ਗਵਾਹ ਅਤੇ ਹੋਰ ਸਖ਼ਤ ਸਬੂਤ ਦੇ ਆਧਾਰ ’ਤੇ ਦੋਸ਼ੀ ਨੂੰ ਜਲਦੀ ਸਖਤ ਸਜ਼ਾ ਦਿਵਾਉਣ ਦਾ ਦਾਅਵਾ ਪੁਲੀਸ ਵੱਲੋਂ ਕੀਤਾ ਜਾ ਰਿਹਾ ਹੈ।
26 ਅਕਤੂਬਰ ਨੂੰ ਅਗਰਵਾਲ ਕਾਲਜ ਦੇ ਗੇਟ ਦੇ ਬਾਹਰ ਮੁੱਖ ਦੋਸ਼ੀ ਤੌਸੀਫ ਨੇ ਉਸ ਦੀ ਸਹੇਲੀ ਨਾਲ ਘਰ ਪਰਤ ਰਹੀ ਇੱਕ ਵਿਦਿਆਰਥਣ ਨਿਕਿਤਾ ਨੂੰ ਗੋਲੀ ਮਾਰ ਦਿੱਤੀ ਸੀ। ਉਸ ਦਾ ਸਾਥੀ ਰੇਹਾਨ ਵੀ ਇਸ ਘਟਨਾ ਨੂੰ ਅੰਜ਼ਾਮ ਦੇਣ ਵਿੱਚ ਸ਼ਾਮਲ ਸੀ। ਦੋਵੇਂ ਦੋਸ਼ੀ ਜੁਰਮ ਕਰਨ ਮਗਰੋਂ ਕਾਰ ਤੋਂ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣਾ ਬੱਲਭਗੜ ਵਿਖੇ ਕਤਲ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ਨੂੰ ਦੇਸੀ ਕੱਟਾ ਮੁਹੱਈਆ ਕਰਾਉਣ ਵਾਲੇ ਤੀਜੇ ਮੁਲਜ਼ਮ ਅਜ਼ੁਰੂ ਵੀ ਨੂੰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਘਟਨਾ ਵਿੱਚ ਵਰਤੀ ਗਈ ਗੱਡੀ ਵੀ ਬਰਾਮਦ ਕੀਤੀ ਗਈ ਸੀ।
ਇਸ ਕੇਸ ਦੇ ਚਸ਼ਮਦੀਦ ਗਵਾਹ ਦੇ ਪਿਤਾ ਨੂੰ ਬੰਦੂਕ ਦਾ ਲਾਇਸੈਂਸ ਵੀ ਦਿੱਤਾ ਗਿਆ ਹੈ ਤਾਂ ਜੋ ਇਹ ਸਾਰੇ ਨਿਰਭੈ ਹੋ ਕੇ ਆਪਣੇ ਕੇਸ ਦੀ ਅਪੀਲ ਕਰ ਸਕਣ। ਫਰੀਦਾਬਾਦ ਪੁਲੀਸ ਹਰ ਸਮੇਂ ਪੀੜਤ ਪਰਿਵਾਰ ਨਾਲ ਰਹਿੰਦੀ ਹੈ।