ਪੱਤਰ ਪ੍ਰੇਰਕ
ਫਰੀਦਾਬਾਦ, 2 ਨਵੰਬਰ
ਅਗਰਵਾਲ ਕਾਲਜ ਬੱਲਭਗੜ੍ਹ ਦੀ ਵਿਦਿਆਰਥਣ ਨਿਕਿਤਾ ਤੋਮਰ ਕਤਲ ਦੇ ਮਾਮਲੇ ਵਿੱਚ ਬੀਤੇ ਦਿਨ ਹੋਈ ਸਰਬ-ਜਾਤੀ ਪੰਚਾਇਤ ਦੌਰਾਨ ਭੰਨ੍ਹ ਤੋੜ ਕਰਨ ਵਾਲੇ ਗ੍ਰਿਫ਼ਤਾਰ 32 ਮੁਲਜ਼ਮਾਂ ਵਿੱਚੋਂ 3 ਵਿਅਕਤੀ ਕਰੋਨਾ ਪੀੜਤ ਨਿਕਲੇ ਹਨ। ਜਾਣਕਾਰੀ ਮੁਤਾਬਿਕ ਗ੍ਰਿਫ਼ਤਾਰ ਵਿਅਕਤੀਆਂ ਦੀ ਜਾਂਚ ਸਰਕਾਰੀ ਹਸਪਤਾਲ ਤੋਂ ਕਰਵਾਈ ਗਈ ਸੀ, ਜਿਸ ਦੌਰਾਨ 3 ਮੁਲਜ਼ਮਾਂ ਦੀ ਰਿਪੋਰਟ ਕਰੋਨਾ ਪਾਜ਼ੇਵਿਟ ਆਈ। ਹੁਣ ਪੁਲੀਸ ਵੱਲੋਂ ਗ੍ਰਿਫ਼ਤਾਰ ਹੋਰਨਾਂ ਨੂੰ ਇਕਾਂਤਵਾਸ ਭੇਜਣ ਦੇ ਪ੍ਰਬੰਧ ਕੀਤੇ ਗਏ ਹਨ ਤੇ ਪੰਚਾਇਤ ਕਰਵਾਉਣ ਵਾਲਿਆਂ ਦੀ ਕਰੋਨਾ ਜਾਂਚ ਵੀ ਕਰਵਾਈ ਜਾਵੇਗੀ। ਜੋ ਲੋਕ ਪੰਚਾਇਤ ਵਿੱਚ ਸ਼ਾਮਲ ਹੋਏ ਸਨ ਉਨ੍ਹਾਂ ਨੂੰ ਪੁਲੀਸ ਵੱਲੋਂ ਸਲਾਹ ਦਿੱਤੀ ਗਈ ਹੈ ਕਿ ਆਪਣੇ ਆਪ ਨੂੰ ਇਕਾਂਤਵਾਸ ਕਰਨ ਤੇ ਕਰੋਨਾ ਜਾਂਚ ਕਰਵਾਉਣ। । ਦੱਸਣਯੋਗ ਹੈ ਕਿ ਪੁਲੀਸ ਵੱਲੋਂ ਬੱਲਭਗੜ੍ਹ ਸ਼ਹਿਰ ਥਾਣੇ ਵਿੱਚ ਮਾਮਲਾ ਦਰਜ ਕਰ ਕੇ ਹੋਰ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ, ਜੋ ਕੌਮੀ ਸ਼ਾਹ ਰਾਹ ’ਤੇ ਤੋੜ-ਭੰਨ੍ਹ ਕਰਦੇ ਹੋਏ ਮੀਡੀਆ ਦੀਆਂ ਵੀਡੀਓਜ਼ ਵਿੱਚ ਆ ਗਏ ਸਨ। ਨੋਇਡਾ, ਗਾਜ਼ੀਆਬਾਦ, ਗੌਤਮਬੁੱਧ ਨਗਰ, ਗੁਰੂਗ੍ਰਾਮ, ਪਲਵਲ ਤੇ ਮੇਵਾਤ ਤੋਂ ਆ ਕੇ ਤੋੜ-ਭੰਨ੍ਹ ਕਰਨ ਵਾਲਿਆਂ ਦੀ ਪੁਲੀਸ ਵੱਲੋਂ ਭਾਲ ਕੀਤੀ ਜਾ ਰਹੀ ਸੀ। ਜਾਣਕਾਰੀ ਦਿੰਦਿਆਂ ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪਰਿਵਾਰ ਨੂੰ ਪੁਲੀਸ ਸੁਰੱਖਿਆ ਤਹਿਤ ਗਾਰਡ ਮੁਹੱਈਆ ਕਰਵਾਏ ਗਏ ਹਨ ਤੇ ਮ੍ਰਿਤਕਾ ਦੇ ਭਰਾ ਨੂੰ ਨਿਜੀ ਸੁਰੱਖਿਆ ਲਈ ਅਸਲਾ ਲਾਇਸੈਂਸ ਵੀ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਢੁੱਕਵੀਂ ਸਜ਼ਾ ਦਿਵਾਉਣ ਦੀ ਕੋਸ਼ਿਸ਼ ਵਿੱਚ ਪੁਲੀਸ ਜਾਂਚ ਟੀਮ ਜੁਟੀ ਹੋਈ ਹੈ।