ਟ੍ਰਿਬਿਊਨ ਨਿਊਜ ਸਰਵਿਸ
ਚੰਡੀਗੜ੍ਹ, 23 ਅਕਤੂਬਰ
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰਿਆਣਾ ਸਰਕਾਰ ਨੇ ਬੱਚਿਆਂ ਨੂੰ ਸਿੱਖਿਆ ਦੇਣ ਤੋਂ ਲੈ ਕੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਤੱਕ ਇਕ ਨਵਾਂ ਪ੍ਰੋਗਰਾਮ ਤਿਆਰ ਕੀਤਾ ਹੈ। ਇਸ ਤਹਿਤ ਪਰਿਵਾਰ ਪਛਾਣ ਪੱਤਰ ਵਿੱਚ ਨਾਗਰਿਕਾਂ ਦੇ ਡੇਟਾ ਨੂੰ ਉਮਰ ਵਰਗ ਅਨੁਸਾਰ ਛੇ ਵਰਗਾਂ ਵਿੱਚ ਵੰਡ ਕੇ ਹਰੇਕ ਵਰਗ ਦੀ ਜ਼ਿੰਮੇਵਾਰੀ ਇੱਕ ਵਿਭਾਗ ਨੂੰ ਸੌਂਪੀ ਗਈ ਹੈ। ਸੂਬਾ ਸਰਕਾਰ ਉਮਰ ਵਰਗ ਅਨੁਸਾਰ ਵਿਅਕਤੀ ਦੀ ਸਿੱਖਿਆ, ਸਿਹਤ ਅਤੇ ਰੁਜ਼ਗਾਰ ਆਦਿ ਦੀਆਂ ਸਾਰੀਆਂ ਯੋਜਨਾਵਾਂ ਤੇ ਸੇਵਾਵਾਂ ਦਾ ਲਾਭ ਪਹੁੰਚਾਉਣ ਲਈ ਰਿਕਾਰਡ ਤਿਆਰ ਕਰ ਰਹੀ ਹੈ।
ਸ੍ਰੀ ਖੱਟਰ ਨੇ ਕਿਹਾ ਕਿ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੂੰ ਛੇ ਸਾਲ ਤੱਕ ਦੀ ਉਮਰ ਦੇ ਬੱਚਿਆਂ ਦਾ ਜ਼ਿੰਮਾ ਸੌਂਪਿਆ ਗਿਆ ਹੈ। ਵਿਭਾਗ ਇਨ੍ਹਾਂ ਬੱਚਿਆਂ ਦੀ ਸ਼ੁਰੂਆਤੀ ਸਿੱਖਿਆ ਅਤੇ ਪੋਸ਼ਣ ’ਤੇ ਵਿਸ਼ੇਸ਼ ਧਿਆਨ ਦੇਵੇਗਾ। ਇਸ ਦੇ ਨਾਲ ਹੀ ਵਿਭਾਗ ਹਰੇਕ ਬੱਚੇ ਦਾ ਛੇ ਸਾਲ ਦੀ ਉਮਰ ਤੱਕ ਘਰ ਤੇ ਆਂਗਣਵਾੜੀ ਜਾਂ ਸਕੂਲ ਵਿੱਚ ਜਾਣ ਦਾ ਰਿਕਾਰਡ ਵੀ ਰੱਖੇਗਾ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸ਼ੁਰੂਆਤ ਵਿੱਚ ਹੀ ਚੰਗਾ ਪੋਸ਼ਣ ਅਤੇ ਸਿੱਖਿਆ ਮਿਲੇਗੀ ਤਾਂ ਉਸ ਦੀ ਬਨਿਆਦ ਮਜ਼ਬੂਤ ਬਣੇਗੀ।