ਸ਼ਾਹਬਾਦ ਮਾਰਕੰਡਾ( ਸਤਨਾਮ ਸਿੰਘ): ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ਹਰ ਘਰ ਤਿਰੰਗਾ ਪ੍ਰੋਗਰਾਮ ਦੇ ਤਹਿਤ ਜ਼ਿਲ੍ਹਾ ਸੂਚਨਾ ਤੇ ਜਨ ਸੰਪਰਕ ਅਧਿਕਾਰੀ ਡਾ. ਨਰਿੰਦਰ ਸਿੰਘ ਨੇ 75 ਕਿਲੋਮੀਟਰ ਤਿਰੰਗਾ ਸਾਈਕਲ ਯਾਤਰਾ ਕਰਨ ਦਾ ਟੀਚਾ ਤੈਅ ਕੀਤਾ ਸੀ। ਇਸ ਨੂੰ ਹਾਸਲ ਕਰਨ ਲਈ ਸੂਚਨਾ ਜਨ ਸੰਪਰਕ ਤੇ ਭਾਸ਼ਾ ਵਿਭਾਗ ਦੇ ਮਹਾਨਿਰਦੇਸ਼ਕ ਅਮਿਤ ਅਗਰਵਾਲ ਤੇ ਡੀਸੀ ਮੁਕੁਲ ਕੁਮਾਰ ਦੀ ਅਗਵਾਈ ਵਿੱਚ ਹਰ ਘਰ ਤਿਰੰਗਾ ਅਭਿਆਨ ਦੇ ਤਹਿਤ ਅੱਜ 75 ਕਿਲੋਮੀਟਰ ਦੀ ਸਾਈਕਲ ਯਾਤਰਾ ਪੂਰੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਹਰ ਘਰ ਤਿਰੰਗਾ ਲਾਉਣ ਦਾ ਲੋਕਾਂ ਨੂੰ ਸੰਦੇਸ਼ ਦਿੱਤਾ। ਉਨ੍ਹਾਂ ਨੇ ਆਪਣੀ ਇਹ ਯਾਤਰਾ ਅੱਜ ਸਵੇਰੇ ਕਰੀਬ ਚਾਰ ਵਜੇ ਦਰੋਣਾਚਾਰੀਆ ਸਟੇਡੀਅਮ ਤੋਂ ਸ਼ੁਰੂ ਕੀਤੀ। ਤਿਰੰਗਾ ਯਾਤਰਾ ਪਿਪਲੀ, ਐੱਨਐੱਚ 44 ਜੀ ਟੀ ਰੋਡ ਸ਼ਾਹਬਾਦ ਤੇ ਆਦੇਸ਼ ਹਸਪਤਾਲ ਤੋਂ ਅੰਬਾਲਾ ਤੇ ਵਾਪਸ ਸ਼ਾਹਬਾਦ ਪਿਪਲੀ ਹੁੰਦੇ ਸਟੇਡੀਅਮ ਪੁੱਜੀ, ਜਿਸ ਨੂੰ ਪੂਰਾ ਕਰਨ ਲਈ ਕਰੀਬ 2 ਘੰਟੇ 40 ਮਿੰਟ ਲਗੇ। ਇਸ ਤੋਂ ਪਹਿਲਾਂ ਵੀ ਉਨਾਂ ਨੇ ਵਿਸ਼ਵਸਾਈਕਲ ਦਿਵਸ ਮੌਕੇ 55 ਕਿਲੋਮੀਟਰ ਸਾਈਕਲ ਯਾਤਰਾ ਪੂਰੀ ਕਰ ਕੇ ਆਮ ਲੋਕਾਂ ਨੂੰ ਸਾਈਕਲ ਚਲਾਉਣ ਦਾ ਸੰਦੇਸ਼ ਦਿੱਤਾ ਸੀ।