ਗੁੜਗਾਓਂ, 5 ਜਨਵਰੀ
ਖੁੱਲ੍ਹੇ ਵਿਚ ਨਮਾਜ਼ ਅਦਾ ਕਰਨ ਦੇ ਵਿਵਾਦ ਵਿਚਾਲੇ ਹੁਣ ਪੁਲੀਸ ਨੇ ਰਾਜ ਸਭਾ ਦੇ ਸਾਬਕਾ ਮੈਂਬਰ ਮੁਹੰਮਦ ਅਦੀਬ ਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗੁੜਗਾਓਂ ਦੇ ਕੁਝ ਹਿੰਦੂ ਕਾਰਕੁਨਾਂ ਦੀ ਸ਼ਿਕਾਇਤ ਉਤੇ ਪੁਲੀਸ ਨੇ ਇਨ੍ਹਾਂ ਖ਼ਿਲਾਫ਼ ਫ਼ਿਰਕੂ ਸਦਭਾਵਨਾ ਭੰਗ ਕਰਨ ਅਤੇ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਅਦੀਬ, ਅਬਦੁਲ ਹਸੀਬ ਕਾਸ਼ਮੀ ਤੇ ਮੁਫ਼ਤੀ ਮੁਹੰਮਦ ਸਲੀਮ ਕਾਸ਼ਮੀ ਖ਼ਿਲਾਫ਼ ਐਫਆਈਆਰ ਸੈਕਟਰ 40 ਦੇ ਪੁਲੀਸ ਸਟੇਸ਼ਨ ਵਿਚ ਦਰਜ ਕੀਤੀ ਗਈ ਹੈ। ਇਨ੍ਹਾਂ ਉਤੇ ਆਈਪੀਸੀ ਦੀ ਧਾਰਾ 153 ਤੇ 34 ਲਾਈ ਗਈ ਹੈ। ਸੈਕਟਰ 40 ਥਾਣੇ ਦੇ ਐੱਸਐਚਓ ਕੁਲਦੀਪ ਸਿੰਘ ਨੇ ਕਿਹਾ ਕਿ ਤੱਥਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਤੇ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਦਸੰਬਰ ਮਹੀਨੇ ਅਦੀਬ ਨੇ ਸੁਪਰੀਮ ਕੋਰਟ ਦਾ ਰੁਖ਼ ਕਰ ਕੇ ਹਰਿਆਣਾ ਦੇ ਡੀਜੀਪੀ ਤੇ ਮੁੱਖ ਸਕੱਤਰ ਖ਼ਿਲਾਫ਼ ਕਾਰਵਾਈ ਮੰਗੀ ਸੀ। ਉਨ੍ਹਾਂ ਕਿਹਾ ਸੀ ਕਿ ਅਧਿਕਾਰੀ ਅਦਾਲਤ ਦੇ ਹੁਕਮਾਂ ਦਾ ਪਾਲਣ ਨਹੀਂ ਕਰ ਰਹੇ। ਇਸ ਤੋਂ ਪਹਿਲਾਂ ਅਦਾਲਤ ਨੇ ਅਧਿਕਾਰੀਆਂ ਨੂੰ ਫ਼ਿਰਕੂ ਤੇ ਹਿੰਸਕ ਭਾਵਨਾਵਾਂ ਭੜਕਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਦੇ ਹੁਕਮ ਦਿੱਤੇ ਸਨ। ਸ਼ਿਕਾਇਤਕਰਤਾ ਦਿਨੇਸ਼ ਭਾਰਤੀ, ਹਿੰਮਤ ਤੇ ਵਿਕੀ ਕੁਮਾਰ ਨੇ ਦੋਸ਼ ਲਾਇਆ ਹੈ ਕਿ ਅਦੀਬ ਫ਼ਿਰਕੂ ਸਦਭਾਵਨਾ ਨੂੰ ਭੰਗ ਕਰ ਰਿਹਾ ਹੈ ਤੇ ਜ਼ਮੀਨ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਨਾਲ ਦੰਗੇ ਭੜਕ ਸਕਦੇ ਹਨ। ਸਾਬਕਾ ਰਾਜ ਸਭਾ ਮੈਂਬਰ ਮੁਹੰਮਦ ਅਦੀਬ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਖ਼ਿਲਾਫ਼ ਹੋਈ ਐਫਆਈਆਰ ਬਾਰੇ ਜਾਣਕਾਰੀ ਨਹੀਂ ਹੈ। ਉਨ੍ਹਾਂ ਸਵਾਲ ਕੀਤਾ, ‘ਕੇਸ ਆਖ਼ਰ ਹੈ ਕੀ? ਅਸੀਂ ਸ਼ਾਂਤੀ ਤੇ ਫ਼ਿਰਕੂ ਸਦਭਾਵਨਾ ਦੀ ਗੱਲ ਕਰ ਰਹੇ ਹਾਂ, ਤੇ ਲੋਕ ਜਿਹੜੇ ਗੋਡਸੇ ਨੂੰ ਉਭਾਰ ਕੇ ਪ੍ਰਚਾਰ ਚਾਹੁੰਦੇ ਹਨ, ਸਾਡੇ ਉਤੇ ਹੀ ਦੋਸ਼ ਲਾ ਰਹੇ ਹਨ।’ -ਪੀਟੀਆਈ