ਪੱਤਰ ਪ੍ਰੇਰਕ
ਡੱਬਵਾਲੀ, 27 ਅਗਸਤ
ਡੱਬਵਾਲੀ ਨਗਰ ਪਰਿਸ਼ਦ ’ਚ ਮੀਤ ਪ੍ਰਧਾਨ ਦੀ ਚੋਣ ਇਨੈਲੋ ਦੇ ਉਮੀਦਵਾਰ ਅਮਨਦੀਪ ਬਾਂਸਲ (ਕੌਂਸਲਰ 9 ਵਾਰਡ) ਜਜਪਾ ਦੇ ਉਮੀਦਵਾਰ ਸੁਨੀਲ ਕੁਮਾਰ ਨੂੰ ਤਿੰਨ ਵੋਟਾਂ ਦੇ ਫ਼ਰਕ ਹਰਾ ਦਿੱਤਾ। ਇਸ ਨਾਲ ਭਾਜਪਾ ਤੇ ਇਨੈਲੋ ਦੀਆਂ ਵਧਦੀਆਂ ਨਜ਼ਦੀਕੀਆਂ ’ਤੇ ਮੋਹਰ ਲੱਗ ਗਈ ਹੈ। ਜ਼ਿਕਰਯੋਗ ਹੈ ਕਿ 21 ਕੌਂਸਲਰਾਂ ਵਾਲੀ ਪਰਿਸ਼ਦ ’ਚ ਇਨੈਲੋ ਦੇ ਕੋਲ ਪ੍ਰਧਾਨ ਤੇ ਚਾਰ ਕੌਂਸਲਰਾਂ ਸਮੇਤ ਸਿਰਫ਼ ਪੰਜ ਵੋਟ ਹਨ। ਮੀਤ ਪ੍ਰਧਾਨ ਦੀ ਚੋਣ ਜਿੱਤਣ ਉਪਰੰਤ ਪ੍ਰਧਾਨ ਟੇਕਚੰਦ ਛਾਬੜਾ ਨੇ ਮੀਡੀਆ ਕੋਲ ਦਾਅਵਾ ਕੀਤਾ ਕਿ ਨਗਰ ਪ੍ਰੀਸ਼ਦ ’ਚ ਇਨੈਲੋ ਨੂੰ ਭਾਜਪਾ ਕੌਂਸਲਰਾਂ ਦੀ ਹਮਾਇਤ ਸਦਕਾ ਜਿੱਤ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਮੀਤ ਪ੍ਰਧਾਨ ਦੇ ਅਹੁਦੇ ਲਈ ਕੋਈ ਪੇਸ਼ਕਸ਼ ਨਹੀਂ ਕੀਤੀ ਸੀ। ਇਹ ਪਾਰਟੀ ਹਾਈਕਮਾਂਡ ਦੇ ਨਿਰਦੇਸ਼ਾਂ ਮੁਤਾਬਕ ਹੋਇਆ ਹੈ। ਜ਼ਿਕਰਯੋਗ ਹੈ ਕਿ ਨਗਰ ਪਰਿਸ਼ਦ ਵਿੱਚ ਕਾਂਗਰਸ ਦੇ 8 ਕੌਂਸਲਰ, ਜਜਪਾ ਦੇ 6, ਭਾਜਪਾ ਦੇ 3 ਤੇ ਇਨੈਲੋ ਕੋਲ ਨਗਰ ਪ੍ਰੀਸ਼ਦ ਪ੍ਰਧਾਨ ਤੇ 4 ਕੌਂਸਲਰ ਹਨ। ਅੱਠ ਕੌਂਸਲਰਾਂ ਵਾਲੀ ਕਾਂਗਰਸ ਦੇ ਉਮੀਦਵਾਰ ਮਧੂ ਬਾਗੜੀ ਨੂੰ ਸਿਰਫ਼ ਪੰਜ ਵੋਟ ਹੀ ਮਿਲ ਸਕੇ। ਮੀਤ ਪ੍ਰਧਾਨ ਚੋਣ ਦੇ ਅੰਕੜਿਆਂ ਮੁਤਾਬਕ ਇਸ ਚੋਣ ’ਚ ਕਾਂਗਰਸ ਦੇ ਤਿੰਨ ਕੌਂਸਲਰਾਂ ’ਤੇ ਕਰਾਸ ਵੋਟਿੰਗ ਦਾ ਖਦਸ਼ਾ ਜ਼ਾਹਿਰ ਹੋ ਰਿਹਾ ਹੈ।