ਅੰਬਾਲਾ (ਰਤਨ ਸਿੰਘ ਢਿੱਲੋਂ): ਇਥੇ ਕੈਥਲ ਰੋਡ ’ਤੇ ਸ਼ਹਿਰ ਨਾਲ ਲਗਦੇ ਪਿੰਡ ਬਲਾਣਾ ਵਿਚ ਪਰਿਵਾਰ ਦੇ ਛੇ ਜੀਆਂ ਦੀ ਭੇਤ-ਭਰੀ ਹਾਲਤ ਵਿਚ ਮੌਤ ਹੋ ਗਈ। ਸੁਖਵਿੰਦਰ ਸਿੰਘ ਨਾਂ ਦੇ ਨੌਜਵਾਨ ਨੇ ਪਹਿਲਾਂ ਆਪਣੇ ਮਾਤਾ-ਪਿਤਾ, ਪਤਨੀ ਅਤੇ ਦੋ ਬੱਚਿਆਂ ਦੀ ਹੱਤਿਆ ਕੀਤੀ ਅਤੇ ਫਿਰ ਖ਼ੁਦ ਫਾਹਾ ਲੈ ਲਿਆ। ਸੁਖਵਿੰਦਰ ਬੀਮਾ ਕੰਪਨੀ ਵਿਚ ਕੰਮ ਕਰਦਾ ਸੀ। ਮੌਤ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਸਦਰ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ਾਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀਆਂ ਹਨ। ਪੀੜਤਾਂ ਵਿੱਚ ਸੁਖਵਿੰਦਰ ਸਿੰਘ (34), ਉਸ ਦਾ ਪਿਤਾ ਸੰਗਤ ਸਿੰਘ(65), ਮਾਤਾ ਮਹਿੰਦਰੋ, ਪਤਨੀ ਰੀਨਾ ਤੇ ਧੀਆਂ ਜਸਮੀਤ(7) ਅਤੇ ਅਸ਼ਮੀਤ (5) ਸ਼ਾਮਲ ਹਨ। ਪੁਲੀਸ ਨੇ ਪੀੜਤ ਪਰਿਵਾਰ ਦੇ ਜਵਾਈ ਸਤੀਸ਼ ਕੁਮਾਰ ਦੀ ਸ਼ਿਕਾਇਤ ’ਤੇ ਸਾਈ ਹਾਂਡਾ ਯਮੁਨਾਨਗਰ ਦੇ ਮਾਲਕ ਕਵੀ ਨਰੂਲਾ ਅਤੇ ਬਾਲ ਕਿਸ਼ਨ ਠਾਕੁਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸੁਖਵਿੰਦਰ ਦੀ ਧੀ ਅਸ਼ਮੀਤ ਦਾ ਅੱਜ ਜਨਮ ਦਿਨ ਸੀ। ਉਸ ਦੇ ਭਾਣਜੇ ਨੇ ਜਨਮ ਦਿਨ ਦੀ ਵਧਾਈ ਦੇਣ ਲਈ ਕਈ ਫੋਨ ਕੀਤੇ, ਪਰ ਜਦੋਂ ਕੋਈ ਜਵਾਬ ਨਾ ਮਿਲਿਆ ਤਾਂ ਭਾਣਜੇ ਨੇ ਗੁਆਂਢੀਆਂ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਇਸ ਵਾਰਦਾਤ ਦਾ ਖ਼ੁਲਾਸਾ ਹੋਇਆ। ਪਰਿਵਾਰ ਦੇ ਮੈਂਬਰ ਬੇਹੋਸ਼ੀ ਦੀ ਹਾਲਤ ਵਿਚ ਪਏ ਸਨ। ਸੁਖਵਿੰਦਰ ਦੇ ਮਾਤਾ-ਪਿਤਾ ਇਕ ਬੈੱਡ ’ਤੇ ਪਏ ਸਨ। ਦੂਜੇ ਬੈੱਡ ’ਤੇ ਉਸ ਦੀ ਪਤਨੀ ਅਤੇ ਬੱਚਿਆਂ ਦੀਆਂ ਲਾਸ਼ਾਂ ਪਈਆਂ ਸਨ।