ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਸਤੰਬਰ
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਡਾ. ਸਤਨਾਮ ਸਿੰਘ ਅਜਨਾਲਾ ਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰੈੱਸ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਮਿਸ਼ਨ ਯੂਪੀ ਤੇ ਉਤਰਾਖੰਡ ਤਹਿਤ ਕੀਤੀ ਗਈ ਮੁਜ਼ੱਫਰਨਗਰ ਰੈਲੀ ਨੇ ਮੋਦੀ ਸਰਕਾਰ ਦੀਆਂ ਚੂਲਾਂ ਹਿਲਾ ਦਿੱਤੀਆਂ ਹਨ। ਲੱਖਾਂ ਦੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਨੇ ਮੋਦੀ ਸਰਕਾਰ ਦੇ ਫੈਲਾਏ ਗਏ ਝੂਠ ਅਤੇ ਭਰਮ ਨੂੰ ਦੂਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜਮਹੂਰੀ ਕਿਸਾਨ ਸਭਾ ਦੇ ਸਥਾਨਕ ਦਫ਼ਤਰ ਵਿੱਚ ਕਸ਼ਮੀਰ ਸਿੰਘ ਮੁੱਛਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਉਕਤ ਆਗੂ ਸੰਬੋਧਨ ਕਰ ਰਹੇ ਸਨ। ਦੋਹਾਂ ਕਿਸਾਨ ਆਗੂਆਂ ਨੇ ਜਮਹੂਰੀ ਕਿਸਾਨ ਸਭਾ ਦੀ ਮੀਟਿੰਗ ਵਿੱਚ ਰੈਲੀ ਦੀ ਕਾਮਯਾਬੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ।
ਇਸ ਦੌਰਾਨ ਕਿਸਾਨ ਆਗੂ ਮੋਹਨ ਸਿੰਘ ਧਮਾਨਾ ਨੇ ਲੋਕਾਂ ਨੂੰ 27 ਸਤੰਬਰ ਦੇ ਭਾਰਤ ਬੰਦ ਨੂੰ ਕਾਮਯਾਬ ਕਰਨ ਦੀ ਯੋਜਨਾਬੰਦੀ ਕਰਨ ਅਤੇ ਦਿੱਲੀ ਦੇ ਬਾਰਡਰਾਂ ’ਤੇ ਸ਼ਮੂਲੀਅਤ ਵਧਾਉਣ ਦੀ ਅਪੀਲ ਕੀਤੀ।
ਕਿਸਾਨ ਆਗੂਆਂ ਨੇ ਕਿਹਾ ਕਿ ਮੁਜ਼ੱਫ਼ਰਨਗਰ ਵਿੱਚ ਵੱਖ-ਵੱਖ ਵਰਗਾਂ ਦੇ ਨਾਅਰੇ ਇੱਕੋ ਥਾਂ ਲਾ ਕੇ ਮੋਦੀ ਸਰਕਾਰ ਦੀ ਫੁੱਟ ਪਾਊ ਨੀਤੀ ਦੇ ਬੱਖੀਏ ਉਧੇੜ ਦਿੱਤੇ ਹਨ। ਯੂਪੀ ਦੇ ਲੋਕਾਂ ਨੇ ਦੱਸ ਦਿੱਤਾ ਹੈ ਕਿ ਭਾਜਪਾ ਦੇ ਹਿੰਦੂ-ਮੁਸਲਮ ਪੱਤਾ ਖੇਡਣ ਦੀ ਚਾਲ ਹੁਣ ਉਸ ਖਿੱਤੇ ਵਿੱਚ ਸਫਲ ਨਹੀਂ ਹੋਵੇਗੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਤੱਕ ਧਰਨਾ ਤੇ ਅਜਿਹੀਆਂ ਰੈਲੀਆਂ ਵੀ ਜਾਰੀ ਰਹਿਣਗੀਆਂ। ਸਰਕਾਰ ਨਤੀਜੇ ਭੁਗਤਣ ਲਈ ਤਿਆਰ ਰਹੇ।