ਲੁਧਿਆਣਾ: ਡਾਬਾ ਦੇ ਫਤਿਹ ਸਿੰਘ ਨਗਰ ਇਲਾਕੇ ’ਚ ਮੰਗਲਵਾਰ ਦੇਰ ਰਾਤ ਦੋ ਗੁੱਟਾਂ ਵਿਚਕਾਰ ਲੜਾਈ ਹੋ ਗਈ, ਜਿਸ ਦੌਰਾਨ ਦੋਵੇਂ ਧਿਰਾਂ ਨੇ ਇੱਕ ਦੂਜੇ ’ਤੇ ਇੱਟਾਂ-ਰੋੜੇ ਵਰ੍ਹਾਏ। ਇਸ ਦੌਰਾਨ ਇਕ ਗੁੱਟ ਦੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਪ੍ਰੀਤ ਨਗਰ ਸ਼ਿਮਲਾਪੁਰੀ ਦੇ ਰਹਿਣ ਵਾਲੇ ਦਲਜੀਤ ਸਿੰਘ ਕਾਕਾ ’ਤੇ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉੱਚ ਅਧਿਕਾਰੀ ਅਤੇ ਥਾਣਾ ਡਾਬਾ ਦੀ ਪੁਲੀਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ, ਜਿਸ ਮਗਰੋਂ ਦਲੀਪ ਤੇ ਉਸ ਦੇ ਕਰੀਬ 12 ਸਾਥੀਆਂ ਖ਼ਿਲਾਫ਼ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਦਲਜੀਤ ਕਾਕਾ ਦੀ ਦਲੀਪ ਤੇ ਉਸ ਦੇ ਸਾਥੀਆਂ ਨਾਲ ਪੁਰਾਣੀ ਰੰਜਿਸ਼ ਸੀ। ਦੋਵੇਂ ਧੜਿਆਂ ਵਿਚਾਲੇ ਕਈ ਵਾਰ ਲੜਾਈਆਂ ਝਗੜੇ ਹੋ ਚੁੱਕੇ ਹਨ। ਮੰਗਲਵਾਰ ਦੇਰ ਰਾਤ ਨੂੰ ਦਲਜੀਤ ਸਿੰਘ ਕਾਕਾ ਡਾਬਾ ਦੇ ਫਤਿਹ ਸਿੰਘ ਨਗਰ ਇਲਾਕੇ ’ਚ ਰਹਿੰਦੇ ਆਪਣੇ ਦੋਸਤ ਜਗਰੂਪ ਰੂਪਾ ਨੂੰ ਮਿਲਣ ਗਿਆ ਸੀ। ਜਿਸ ਦੀ ਖ਼ਬਰ ਦੂਜੀ ਧਿਰ ਨੂੰ ਲੱਗ ਗਈ। ਉਨ੍ਹਾਂ ਮੌਕੇ ’ਤੇ ਪਹੁੰਚ ਕੇ ਇੱਟਾਂ-ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਕਾਕੇ ਦੇ ਦੋਸਤ ਵੀ ਉਥੇ ਪਹੁੰਚ ਗਏ ਤੇ ਉਨ੍ਹਾਂ ਵੱਲੋਂ ਵੀ ਇੱਟਾਂ-ਰੋੜੇ ਚੱਲਣ ਲੱਗੇ। ਇਸ ਦੌਰਾਨ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਦਲਜੀਤ ਕਾਕਾ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਦਲਜੀਤ ਕਾਕਾ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਦੇ ਸਾਥੀ ਉਸ ਨੂੰ ਸਥਾਨਕ ਸਿਵਲ ਹਸਪਤਾਲ ਲੈ ਗਏ, ਪਰ ਉਸ ਦੀ ਮੌਤ ਹੋ ਗਈ। ਏਸੀਪੀ ਬ੍ਰਿਜ ਮੋਹਨ ਨੇ ਦੱਸਿਆ ਕਿ ਦਲੀਪ ਤੇ ਉਸ ਦੇ ਸਾਥੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। -ਟਨਸ