ਨਿੱਜੀ ਪੱਤਰ ਪ੍ਰੇਰਕ
ਸਿਰਸਾ, 19 ਦਸੰਬਰ
ਪਿੰਡ ਮਾਧੋਸਿੰਘਾਣਾ ’ਚ ਇੱਕ ਸ਼ਰਾਬ ਦੇ ਠੇਕੇ ਅੱਗੇ ਅੰਡਿਆਂ ਦੀ ਰੇਹੜੀ ਲਾਉਣ ਵਾਲੇ ਇੱਕ ਵਿਅਕਤੀ ਦਾ ਕਤਲ ਹੋ ਗਿਆ। ਕਤਲ ਦੇ ਇਲਜ਼ਾਮ ’ਚ ਪੁਲੀਸ ਨੇ ਤਿੰਨ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਹਨੂਮਾਨ ਮਾਧੋਸਿੰਘਾਣਾ ’ਚ ਸ਼ਰਾਬ ਦੇ ਠੇਕੇ ਅੱਗੇ ਅੰਡਿਆਂ ਦੀ ਰੇਹੜੀ ਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਦੇਰ ਰਾਤ ਠੇਕੇ ਤੋਂ ਸ਼ਰਾਬ ਲੈਣ ਮਗਰੋਂ ਤਿੰਨ ਨੌਜਵਾਨਾਂ ਨੇ ਹਨੂਮਾਨ ਤੋਂ ਗਿਲਾਸ ਤੇ ਅੰਡਿਆਂ ਦੀ ਮੰਗ ਕੀਤੀ, ਜਿਸ ਤੋਂ ਉਨ੍ਹਾਂ ਵਿਚਾਲੇ ਤਕਰਾਰ ਹੋ ਗਈ। ਇਸ ਮਗਰੋਂ ਉਕਤ ਤਿੰਨਾਂ ਜਣਿਆਂ ਨੇ ਰਲ ਕੇ ਹਨੂਮਾਨ ’ਤੇ ਇੱਟਾਂ ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਹਨੂਮਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ਮਗਰੋਂ ਪੁਲੀਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਤਿੰਨ ਮੁਲਜ਼ਮਾਂ ਰਾਜੇਸ਼, ਸੋਨੂੰ ਤੇ ਅਕਸ਼ੈ ਖ਼ਿਲਾਫ਼ ਕੇਸ ਦਰਜ ਕਰ ਲਿਆ।
ਇਰਾਦਾ ਕਤਲ ਦੇ ਦੋਸ਼ ਹੇਠ ਕੇਸ ਦਰਜ
ਹੰਢਿਆਇਆ: ਪੁਲੀਸ ਚੌਕੀ ਹੰਡਿਆਇਆ ਅਧੀਨ ਪੈਂਦੇ ਪਿੰਡ ਬੀਕਾ ਸੂਚ ਪੱਤੀ ਦੇ ਵਾਸੀ ਅਮਰਜੀਤ ਸਿੰਘ ਕਾਕਾ ਨੇ ਪੁਲੀਸ ਨੂੰ ਬਿਆਨ ਦਰਜ ਕਰਵਾਇਆ ਕਿ ਉਹ ਬੀਤੀ ਰਾਤ ਆਪਣੇ ਖੇਤ ਗੇੜਾ ਮਾਰਨ ਗਿਆ ਸੀ ਤਾਂ ਖੇਤ ‘ਚ ਬਲਵਿੰਦਰ ਸਿੰਘ, ਉਸਦੀ ਪਤਨੀ ਰਣਜੀਤ ਕੌਰ ਤੇ ਇੱਕ ਮਾਲੀ ਸਾਰੇ ਵਾਸੀਅਨ ਬੀਕਾ ਸੂਚ ਪੱਤੀ ਆਵਾਰਾ ਪਸ਼ੂਆਂ ਦਾ ਝੁੰਡ ਉਸਦੇ ਖੇਤ ਵੱਲ ਭਜਾ ਰਹੇ ਸਨ| ਉਸਨੇ ਦੱਸਿਆ ਕਿ ਜਦੋਂ ਉਸ ਨੇ ਇਨ੍ਹਾਂ ਨੂੰ ਰੋਕਿਆ ਤਾਂ ਇਨ੍ਹਾਂ ਤਿੰਨਾਂ ਨੇ ਲੋਹੇ ਦੇ ਰਾਡ ਨਾਲ ਉਸਦੀ ਕੁੱਟਮਾਰ ਕੀਤੀ| ਪੁਲੀਸ ਚੌਕੀ ਹੰਢਿਆਇਆ ਦੇ ਇੰਚਾਰਜ ਗੁਲਾਬ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ’ਚ ਕੇਸ ਦਰਜ ਕਰ ਲਿਆ ਗਿਆ ਹੈ| -ਪੱਤਰ ਪ੍ਰੇਰਕ