ਪੱਤਰ ਪ੍ਰੇਰਕ
ਜੀਂਦ, 1 ਜੁਲਾਈ
ਦਿੱਲੀ ਦੇ ਟਿਕਰੀ ਬਾਰਡਰ ਉੱਤੇ ਪਿਛਲੇ ਦਿਨੀਂ ਦਿਨੀ ਕਸਾਰ ਪਿੰਡ ਦੇ ਮੁਕੇਸ਼ ਨਾਮਕ ਵਿਅਕਤੀ ਦੀ ਮੌਤ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਪਿੰਡ ਰਾਇਚੰਦ ਵਾਲਾ ਦੇ ਕ੍ਰਿਸ਼ਨ ਅਤੇ ਪਿੰਡ ਨਿਰਜਨ ਦੇ ਸੰਦੀਪ ਦੀ ਗ੍ਰਿਫ਼ਤਾਰੀ ਖ਼ਿਲਾਫ਼ ਮਾਜਰਾ ਖਾਪ ਪੰਚਾਇਤ ਨੇ ਡੀਸੀ ਦਫਤਰ ਦੇ ਬਾਹਰ ਧਰਨਾ ਦਿੱਤਾ ਅਤੇ ਡੀਸੀ ਨੂੰ ਮੈਮੋਰੰਡਮ ਸੌਂਪਦੇ ਹੋਏ ਕ੍ਰਿਸ਼ਨ ਅਤੇ ਸੰਦੀਪ ਦੀ ਰਿਹਾਈ ਦੀ ਮੰਗ ਕੀਤੀ।
ਮਾਜਰਾ ਖਾਪ ਦੇ ਪ੍ਰਧਾਨ ਮਹਿੰਦਰ ਰਢਾਲ, ਜਨਰਲ ਸਕੱਤਰ ਵਿਜਿੰਦਰ ਫ਼ੌਜੀ ਅਤੇ ਬੁਲਾਰੇ ਸਮੁੰਦਰ ਫੋਰ ਦੀ ਅਗਵਾਈ ਹੇਠ ਮਾਜਾਰਾ ਖਾਪ ਦੇ ਲੋਕ ਡੀਸੀ ਦਫਤਰ ਵਿੱਚ ਪਹੁੰਚੇ ਅਤੇ ਉਹ ਲਗਪਗ ਦੋ ਘੰਟੇ ਧਰਨਾ ਦਿੱਤਾ। ਧਰਨੇ ’ਤੇ ਬੈਠੇ ਪ੍ਰਤੀਨਿਧੀਆਂ ਨੇ ਕਸਾਰ ਪਿੰਡ ਦੇ ਮੁਕੇਸ਼ ਦੀ ਮੌਤ ਦੇ ਮਾਮਲੇ ’ਚ ਪਿੰਡ ਰਾਇਚੰਦਵਾਲਾ ਦੇ ਕ੍ਰਿਸ਼ਨ ਅਤੇ ਪਿੰਡ ਨਿਰੰਜਨ ਦੇ ਸੰਦੀਪ ਨੂੰ ਬੇਕਸੂਰ ਦੱਸਦੇ ਹੋਏ ਉਨ੍ਹਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਨਾਅਰੇ ਲਗਾਏ ਅਤੇ ਉਨ੍ਹਾਂ ਨੂੰ ਰਿਹਾ ਕਰਨ ਦੀ ਗੁਹਾਰ ਲਗਾਈ। ਇਸ ਤੋਂ ਮਗਰੋਂ ਉਨ੍ਹਾਂ ਨੇ ਡੀਸੀ ਨੂੰ ਅਪਣਾ ਮੈਮੋਰੰਡਮ ਸੌਂਪਿਆ। ਇਸ ਸਮੇਂ ਉਨ੍ਹਾਂ ਨੇ ਮ੍ਰਿਤਕ ਮੁਕੇਸ਼ ਦੀ ਇੱਕ ਵੀਡੀਓ ਵਿਖਾਈ, ਜਿਸ ਵਿੱਚ ਮੁਕੇਸ਼ ਅਪਣੀ ਪਤਨੀ ਅਤੇ ਘਰ ਵਾਲਿਆਂ ਤੋਂ ਪ੍ਰੇਸ਼ਾਨੀ ਦੀ ਗੱਲ ਕਰਦਾ ਹੈ ਅਤੇ ਹਸਪਤਾਲ ਵਿੱਚ ਉਸਦੇ ਪਰਿਵਾਰ ਵਾਲੇ ਉਸ ਉੱਤੇ ਦਬਾਅ ਪਾ ਕੇ ਕਿਸਾਨਾਂ ਦਾ ਨਾਂ ਲੈਣ ਲਈ ਮਜਬੂਰ ਕਰਦੇ ਨਜ਼ਰ ਆ ਰਹੇ ਹਨ। ਇਸੇ ਵੀਡੀਓ ਨੂੰ ਆਧਾਰ ਮੰਨ ਕੇ ਪੁਲੀਸ ਨੇ ਕ੍ਰਿਸ਼ਨ ਨੂੰ ਗ੍ਰਿਫ਼ਤਾਰ ਕੀਤਾ ਅਤੇ ਸੰਦੀਪ ਦਾ ਨਾਂ ਐੱਫਆਰਆਈ ਵਿੱਚ ਸ਼ਾਮਲ ਨਾ ਹੋਣ ’ਤੇ ਵੀ ਉਸਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ। ਪ੍ਰਤੀਨਿਧੀ ਮੰਡਲ ਨੇ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਅਜਿਹਾ ਨਾ ਹੋਣ ’ਤੇ ਅੰਦੋਲਨ ਦੀ ਚੇਤਾਵਨੀ ਦਿੱਤੀ ਹੈ।