ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 16 ਜੁਲਾਈ
ਇਨੈਲੋ ਦੇ ਮੁੱਖ ਜਨਰਲ ਸਕੱਤਰ ਅਤੇ ਐਲਨਾਬਾਦ ਤੋਂ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਕਾਂਗਰਸ, ਭਾਜਪਾ ਤੇ ਜਜਪਾ ਨੇ ਤੋਂ ਜਨਤਾ ਤੰਗ ਆ ਚੁੱਕੀ ਹੈ। ਮਹਿੰਗਾਈ ਅਤੇ ਬੇਰੁਜ਼ਗਾਰੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਸ੍ਰੀ ਚੌਟਾਲਾ ਅੱਜ ਸ਼ਹਿਰ ਦੇ ਪੰਚਾਇਤ ਭਵਨ ਵਿੱਚ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਲੈਣ ਮੌਕੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਜਪਾ-ਜਜਪਾ ਦੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਝੋਨੇ, ਸ਼ਰਾਬ, ਰਜਿਸਟਰੀਆਂ ਕਰੋਨਾ ਦੀ ਆੜ ਵਿੱਚ ਦਵਾਈਆਂ ਦੀ ਖ਼ਰੀਦ, ਨਗਰ ਪਰਿਸ਼ਦਾਂ ਅਤੇ ਨਗਰ ਨਿਗਮਾਂ ਵਿੱਚ ਵੱਡੇ ਘੁਟਾਲੇ ਹੋਏ ਹਨ। ਉਨ੍ਹਾਂ ਕਿਹਾ ਕਿ ਇਨੈਲੋ ਨਗਰ ਨਿਗਮ ਚੋਣਾਂ ਆਪਣੇ ਚੋਣ ਨਿਸ਼ਾਨ ’ਤੇ ਲੜੇਗੀ। ਉਹ ਕਾਂਗਰਸ ਅਤੇ ਭਾਜਪਾ ਨੂੰ ਵੀ ਆਪਣੇ ਚੋਣ ਨਿਸ਼ਾਨਾਂ ’ਤੇ ਚੋਣ ਲੜਨ ਦੀ ਚੁਣੌਤੀ ਦਿੰਦੇ ਹਨ। ਵਰਕਰਾਂ ਨੂੰ ਸੰਬੋਧਨ ਕਰਦਿਆਂ ਅਭੈ ਚੌਟਾਲਾ ਨੇ ਦੱਸਿਆ ਕਿ 25 ਸਤੰਬਰ ਨੂੰ ਫ਼ਤਿਹਾਬਾਦ ਵਿੱਚ ਚੌਧਰੀ ਦੇਵੀ ਲਾਲ ਜੈਅੰਤੀ ਕੌਮੀ ਪੱਧਰ ’ਤੇ ਮਨਾਈ ਜਾ ਰਹੀ ਹੈ, ਜਿਸ ਵਿੱਚ ਪੂਰੇ ਦੇਸ਼ ਵਿਚੋਂ ਲੋਕ ਸ਼ਾਮਲ ਹੋਣਗੇ। ਅੱਜ ਦੀ ਮੀਟਿੰਗ ਨੂੰ ਕੌਮੀ ਮੀਤ ਪ੍ਰਧਾਨ ਪ੍ਰਕਾਸ਼ ਭਾਰਤੀ, ਸਾਬਕਾ ਵਿਧਾਇਕ ਸ਼ਾਮ ਸਿੰਘ ਰਾਣਾ, ਜ਼ਿਲ੍ਹਾ ਪ੍ਰਧਾਨ ਸ਼ੀਸ਼ਪਾਲ ਕੰਧੇੜੀ ਅਤੇ ਕਾਰਜਕਾਰਨੀ ਮੈਂਬਰ ਜਗਮਾਲ ਸਿੰਘ ਰੌਲੋਂ ਨੇ ਵੀ ਸੰਬੋਧਨ ਕੀਤਾ।