ਪੱਤਰ ਪ੍ਰੇਰਕ
ਯਮੁਨਾਨਗਰ, 23 ਅਕਤੂਬਰ
ਨਗਰ ਨਿਗਮ ਅਤੇ ਫਾਇਰ ਬ੍ਰਿਗੇਡ ਦੇ ਕਾਮਿਆਂ ਨੇ ਲਟਕਦੀਆਂ ਮੰਗਾਂ ਲਈ ਬ੍ਰਾਂਚ ਹੈੱਡ ਜਨਕਰਾਜ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਦਫ਼ਤਰ ਅੱਗੇ ਅੱਜ ਪੰਜਵੇਂ ਦਿਨ ਸੂਬਾ ਪੱਧਰੀ ਹੜਤਾਲ ਜਾਰੀ ਰੱਖੀ। ਮੰਚ ਦਾ ਸੰਚਾਲਨ ਸ਼ਾਖਾ ਰਮੇਸ਼ ਕੁਮਾਰ ਵੱਲੋਂ ਕੀਤਾ ਗਿਆ। ਹੜਤਾਲ ਦਾ ਸਮਰਥਨ ਕਰਨ ਲਈ ਸੀਟੂ ਦੀ ਜ਼ਿਲ੍ਹਾ ਸਕੱਤਰ ਸ਼ਰਬਤੀ ਦੇਵੀ, ਆਂਗਣਵਾੜੀ ਜ਼ਿਲ੍ਹਾ ਪ੍ਰਧਾਨ ਰੇਖਾ ਸੈਣੀ, ਜ਼ਿਲ੍ਹਾ ਸਕੱਤਰ ਸੁਨੀਤਾ ਕਰੇੜਾ, ਸੇਵਾਮੁਕਤ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਜੋਤ ਸਿੰਘ ਤੇ ਬਿਜਲੀ ਯੂਨੀਅਨ ਦੇ ਸੂਬਾਈ ਆਗੂ ਸਤੀਸ਼ ਜਾਂਗੜਾ ਪੁੱਜੇ। ਇਸ ਦੌਰਾਨ ਨਗਰ ਨਿਗਮ ਦੇ ਸੂਬਾ ਜਨਰਲ ਸਕੱਤਰ ਮਾਂਗੇ ਰਾਮ ਤਿਗੜਾ ਨੇ ਹੜਤਾਲੀ ਮੁਲਾਜ਼ਮਾਂ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਦਿਆਂ ਕਿਹਾ ਕਿ ਹਰਿਆਣਾ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਵਿਰੋਧ ਵਿੱਚ 24 ਅਕਤੂਬਰ ਨੂੰ ਵੱਡੀ ਦੀਵਾਲੀ ਦੇ ਮੌਕੇ ’ਤੇ ਨਗਰ ਪਾਲਿਕਾ ਅਤੇ ਫਾਇਰ ਬ੍ਰਿਗੇਡ ਦੇ ਸਮੂਹ ਹੜਤਾਲੀ ਮੁਲਾਜ਼ਮ ਇਕੱਠੇ ਹੋ ਕੇ ਹੱਥਾਂ ਵਿੱਚ ਝਾੜੂ, ਕਾਲੇ ਝੰਡੇ ਅਤੇ ਬੈਨਰ ਲੈ ਕੇ ਸੜਕਾਂ ਤੇ ਸ਼ਹਿਰ ਵਿੱਚ ਜਲੂਸ ਕੱਢ ਕੇ ਸਰਕਾਰ ਪ੍ਰਤੀ ਰੋਸ ਪ੍ਰਗਟਾਵਾ ਕਰਨਗੇ। ਇਸ ਦੌਰਾਨ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਸਰਕਾਰ ਨੇ ਮੰਗਾਂ ਨੂੰ ਲੈ ਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਜਿਸ ਕਾਰਨ ਕਰਮਚਾਰੀ ਮਜਬੂਰ ਹੋ ਕੇ ਹੜਤਾਲ ਕਰ ਰਹੇ ਹਨ। ਦੂਜੇ ਪਾਸੇ ਨਗਰ ਨਿਗਮ ਦੇ ਜ਼ਿਲ੍ਹਾ ਪ੍ਰਧਾਨ ਪ੍ਰਵੇਸ਼ ਪਰੋਚਾ ਅਤੇ ਜ਼ਿਲ੍ਹਾ ਸਕੱਤਰ ਗੁਲਸ਼ਨ ਭਾਰਦਵਾਜ ਨੇ ਕਿਹਾ ਕਿ ਨਗਰ ਨਿਗਮ ਦੇ ਮੇਅਰ ਹੜਤਾਲੀ ਮੁਲਾਜ਼ਮਾਂ ਦੀਆਂ ਤਕਲੀਫ਼ਾਂ ਸੁਣਨ ਦੀ ਬਜਾਏ ਮੀਡੀਆ ਵਿੱਚ ਬੇਤੁਕੇ ਬਿਆਨ ਦੇ ਕੇ ਮਿਉਂਸਿਪਲ ਐਂਪਲਾਈਜ਼ ਯੁੂਨੀਅਨ ਹਰਿਆਣਾ ’ਤੇ ਝੂਠੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੇਅਰ ਵੱਲੋਂ ਮਿਉਂਸੀਪਲ ਮੁਲਾਜ਼ਮ ਯੂਨੀਅਨ ’ਤੇ ਇਹ ਕਹਿ ਕੇ ਝੂਠੇ ਦੋਸ਼ ਲਾਏ ਜਾ ਰਹੇ ਹਨ ਕਿ ਇਹ ਸੂਬਾ ਪੱਧਰੀ ਹੜਤਾਲ ਦੂਜੀਆਂ ਸਿਆਸੀ ਪਾਰਟੀਆਂ ਤੋਂ ਪ੍ਰੇਰਿਤ ਹੈ ਅਤੇ ਇਹ ਮੁਲਾਜ਼ਮ ਆਪਣੀ ਹੜਤਾਲ ਕਰਕੇ ਤਿਉਹਾਰਾਂ ਮੌਕੇ ਜਨਤਾ ਨੂੰ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਮੰਗਾਂ ਦਾ ਹੱਲ ਨਹੀਂ ਕਰਦੀ ਉਦੋਂ ਤੱਕ ਹੜਤਾਲ ਜਾਰੀ ਰਹੇਗੀ।
ਇਸ ਮੌਕੇ ਵਿਨੋਦ ਤਿਆਗੀ, ਰੋਸ਼ਨ ਲਾਲ, ਰਾਜਵੀਰ ਪੰਡੋਰਾ, ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਧਾਰੀਵਾਲ, ਮੁੱਖ ਸਲਾਹਕਾਰ ਰਾਜ ਕੁਮਾਰ ਸਿਸੋਲੀ, ਪ੍ਰਚਾਰ ਸਕੱਤਰ ਰਮਨ, ਮੀਤ ਪ੍ਰਧਾਨ ਪਾਪਲਾ, ਮਹਿਲਾ ਆਗੂ ਜੀਤੋ, ਰਾਜਬਾਲਾ, ਕਮਲੇਸ਼, ਫਾਇਰ ਵਿਭਾਗ ਤੋਂ ਵਰਿੰਦਰ ਧੀਮਾਨ, ਜਗਵਿੰਦਰ ਸਿੰਘ, ਵਿੱਕੀ ਵਾਲੀਆ, ਤੇਜਿੰਦਰ ਸਿੰਘ ਤੇ ਸਤਨਾਮ ਸਿੰਘ ਆਦਿ ਹਾਜ਼ਰ ਸਨ।