ਪੰਚਕੂਲਾ (ਪੱਤਰ ਪ੍ਰੇਰਕ): ਹਰਿਆਣਾ ਵਿੱਚ ਨਗਰ ਨਿਗਮ, ਨਗਰ ਕੌਂਸਲ ਦੀਆਂ ਚੋਣਾਂ ਅਪਰੈਲ ਦੇ ਆਖਰੀ ਹਫ਼ਤੇ ਵਿੱਚ ਹੋਣਗੀਆਂ। ਇਸ ਸਬੰਧੀ ਪੰਚਕੂਲਾ ਸਥਿਤ ਸੂਬੇ ਦੇ ਚੋਣ ਅਫ਼ਸਰ ਧਨਪਤ ਸਿੰਘ ਨੇ ਦੱਸਿਆ ਕਿ ਹਰਿਆਣਾ ਵਿੱਚ ਕੁੱਲ 93 ਨਗਰ ਨਿਗਮ, ਪਰਿਸ਼ਦਾਂ ਅਤੇ ਨਗਰ ਕੌਂਸਲਾਂ ਹਨ। ਇਨ੍ਹਾਂ ਵਿੱਚ 48 ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀ ਚੋਣ ਹੋਣੀ ਹੈ। ਉਨ੍ਹਾਂ ਦੱਸਿਆ ਕਿ ਬੀਤੀ 18 ਫਰਵਰੀ ਤੱਕ ਸਾਰੀਆਂ ਵੋਟਰ ਸੂਚੀਆਂ ਦੀ ਨਜ਼ਰਸਾਨੀ ਹੋ ਚੁੱਕੀ ਹੈ ਅਤੇ 28 ਮਾਰਚ ਤੱਕ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਮੁਕੰਮਲ ਕਰ ਲਿਆ ਜਾਵੇਗਾ।