ਪੱਤਰ ਪ੍ਰੇਰਕ
ਟੋਹਾਣਾ, 5 ਜਨਵਰੀ
ਬੀਤੀ ਅੱਧੀ ਰਾਤ ਤੋਂ ਸ਼ੁਰੂ ਹੋਈ ਸਰਦੀਆਂ ਦੀ ਪਹਿਲੀ ਬਰਸਾਤ ਦਿਨ ਭਰ ਜਾਰੀ ਰਹੀ। ਇਹ ਬਾਰਿਸ਼ ਹਾੜੀ ਦੀਆਂ ਫ਼ਸਲਾਂ ਵਾਸਤੇ ਭਾਵੇਂ ਲਾਭਦਾਇਕ ਮੰਨੀ ਜਾ ਰਹੀ ਹੋਵੇ ਪਰ ਦਿੱਲੀ ਬਾਰਡਰਾਂ ’ਤੇ ਬੈਠੇ ਕਿਸਾਨ ਪੁੱਤਰਾਂ ਲਈ ਮਾਵਾਂ ਚਿੰਤਾ ਵਿੱਚ ਡੁੱਬ ਗਈਆਂ ਹਨ। ਦਿੱਲੀ ਅੰਦੋਲਨ ਵਿੱਚ ਬੈਠੇ ਕਿਸਾਨਾਂ ਲਈ ਉਨ੍ਹਾਂ ਦੇ ਪਰਿਵਾਰ ਗੁਰੂ ਘਰਾਂ ’ਚ ਅਰਦਾਸਾਂ ਕਰ ਕੇ ਉਨ੍ਹਾਂ ਦੇ ਸੁਰੱਖਿਅਤ ਰਹਿਣ ਦੀਆਂ ਮੰਗਾਂ ਮੰਗ ਰਹੇ ਹਨ। ਅੱਜ ਮਿਲੀਆਂ ਖ਼ਬਰਾਂ ਮੁਤਾਬਕ ਪਿੰਡ ਤਲਵਾੜਾ, ਫਤਿਹਪੁਰੀ, ਅਮਾਨੀ, ਰੱਤਾਖੇੜਾ, ਕੁਲਾਂ, ਢੇਰ, ਹੈਦਰਵਾਲਾ ਤੇ ਹੋਰ ਦਰਜਨਾਂ ਪਿੰਡਾਂ ਦੇ ਕਿਸਾਨਾਂ ਨਾਲ ਜਦੋਂ ਸੰਪਰਕ ਹੋਇਆ ਤਾਂ ਉਨ੍ਹਾਂ ਨੇ ਬਾਰਿਸ਼ ਨਾਲ ਫ਼ਸਲਾਂ ਚੰਗੀਆਂ ਸੁਰੱਖਿਅਤ ਤੇ ਸਿਹਤਮੰਦ ਹੋਣ ਤੇ ਖੁਸ਼ੀ ਦੀ ਬਜਾਏ ਗਮ ਵਿੱਚ ਡੁੱਬੇ ਹੋਏ ਹਨ। ਗ੍ਰ੍ਰੰਥੀ ਸਿੰਘ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨੂੰ ਸੁਮੱਤ ਬਖ਼ਸ਼ਣ ਦੀ ਅਰਦਾਸ ਕਰਨਗੇ।
ਪੰਜਾਬ ਦੇ ਕਿਸਾਨਾਂ ਦਾ ਹਰਿਆਣਾ ਵਾਲੇ ਕਰ ਰਹੇ ਨੇ ਸਵਾਗਤ
ਜੀਂਦ (ਪੱਤਰ ਪ੍ਰੇਰਕ): ਜੀਂਦ-ਨਰਵਾਣਾ ਹਾਈਵੇਅ ’ਤੇ ਖਟਕੜ ਪਿੰਡ ਕੋਲ ਬਣੇ ਟੌਲ ਕੋਲ ਬੈਠੇ ਕਿਸਾਨਾਂ ਨੇ ਅੱਜ 10ਵੇਂ ਦਿਨ ਵੀ ਟੌਲ ਫ੍ਰੀ ਕਰਵਾਇਆ। ਪੰਜਾਬ ਤੋਂ ਦਿੱਲੀ ਜਾਣ ਵਾਲੇ ਕਿਸਾਨ ਇਸ ਧਰਨੇ ’ਤੇ ਰੁਕ ਕੇ ਜਾਂਦੇ ਹਨ। ਹਰਿਆਣਾ ਦੇ ਕਿਸਾਨ ਪੰਜਾਬ ਦੇ ਕਿਸਾਨਾਂ ਨਾਲ ਸੈਲਫ਼ੀ ਲੈਂਦੇ ਹੋਏ ਉਨ੍ਹਾਂ ਦਾ ਸਵਾਗਤ ਕਰ ਰਹੇ ਹਨ। ਬਾਹਰੋਂ ਆਉਣ ਵਾਲੇ ਕਿਸਾਨਾਂ ਲਈ ਇੱਥੇ ਲੰਗਰ ਦਾ ਚੰਗਾ ਪ੍ਰਬੰਧ ਕੀਤਾ ਹੋਇਆ ਹੈ। ਕਿਸਾਨ ਆਗੂ ਆਜ਼ਾਦ ਪਾਲਵਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇੱਥੇ ਕਿਸਾਨਾਂ ਦੀਆਂ ਟੀਮਾਂ ਗਠਿਤ ਕੀਤੀ ਗਈਆਂ ਹਨ, ਜਿਹੜੀਆਂ ਪਿੰਡ-ਪਿੰਡ ਵਿੱਚ ਜਾਕੇ ਖੇਤੀ ਕਾਨੂੰਨਾਂ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਦੇ ਰਹੀਆਂ ਹਨ। ਖੇੜਾ ਖਾਪ ਦੇ ਪ੍ਰਧਾਨ ਸਤਿਵੀਰ ਪਹਿਲਵਾਨ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਅਤੇ ਮਹਿਲਾਵਾਂ ਨੂੰ ਵੀ ਟਰੈਕਟਰ ਚਲਾਉਣ ਦੀ ਸਿਖਲਾਈ ਦੇ ਰਹੇ ਹਨ ਤਾਂ ਜੋ ਕਿਸਾਨ ਅੰਦੋਲਨ ਦਾ ਹਿੱਸਾ ਬਣਿਆ ਜਾ ਸਕੇ।