ਸਿਰਸਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੀ ਜ਼ਿਲ੍ਹਾ ਜੇਲ੍ਹ ਨੇੜੇ ਬਰਨਾਲਾ-ਸਿਰਸਾ ਰੋਡ ’ਤੇ ਬਣੇ ਫਲਾਈ ਓਵਰ ਪੁਲ ਕੋਲ ਟਰੱਕ ਦੀ ਟੱਕਰ ਨਾਲ ਇਕ ਮੋਟਰਸਾਈਕਲ ’ਤੇ ਸਵਾਰ ਮਹਿਲਾ ਦੀ ਮੌਤ ਹੋ ਗਈ ਜਦੋਂਕਿ ਉਸ ਦਾ ਪੁੱਤਰ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾ ਦੀ ਦੇਹ ਪੋਸਟਮਾਰਟਮ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਫਤਿਹਾਬਾਦ ਦੇ ਪਿੰਡ ਚੰਦੋ ਖੁਰਦ ਵਾਸੀ ਦੀਪ ਸਿੰਘ ਅੱਜ ਦੁਪਹਿਰ ਆਪਣੀ ਮਾਂ ਸੰਤੋਸ਼ ਬਾਈ ਨਾਲ ਨੇਜਾਡੇਲਾ ਕਲਾਂ ਆਪਣੇ ਰਿਸ਼ਤੇਦਾਰ ਨੂੰ ਮਿਲਣ ਜਾ ਰਿਹਾ ਸੀ। ਦੱਸਿਆ ਗਿਆ ਹੈ ਕਿ ਜਦੋਂ ਉਹ ਬਰਨਾਲਾ ਰੋਡ ਸਥਿਤ ਫਲਾਈ ਓਵਰ ਨੇੜੇ ਪੁਜੇ ਤਾਂ ਇਸੇ ਦੌਰਾਨ ਇਕ ਟੱਰਕ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਦੋਵਾਂ ਦੇ ਗੰਭੀਰ ਸੱਟਾਂ ਲੱਗੀਆਂ। ਸੰਤੋਸ਼ ਬਾਈ ਦੇ ਜ਼ਿਆਦਾ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਹਿਜ਼ਾ ਲਿਆ ਅਤੇ ਮ੍ਰਿਤਕਾ ਦੀ ਦੇਹ ਪੋਸਟਮਾਰਟਮ ਲਈ ਨਾਗਰਿਕ ਹਸਪਤਾਲ ਪਹੁੰਚਾਈ। ਪੁਲੀਸ ਨੇ ਅਣਪਛਾਤੇ ਟੱਰਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।