ਪੱਤਰ ਪ੍ਰੇਰਕ
ਜੀਂਦ, 5 ਨਵੰਬਰ
ਜ਼ਿਲ੍ਹੇ ਵਿੱਚ ਡੇਂਗੂ ਦੀ ਮਾਰ ਵਧਦੀ ਜਾ ਰਹੀ ਹੈ। ਹੁਣ ਤੱਕ ਜੀਂਦ ਜ਼ਿਲ੍ਹੇ ਵਿੱਚ ਡੇਂਗੂ ਦੇ ਮਰੀਜ਼ਾਂ ਦਾ ਅੰਕੜਾ 300 ਤੋਂ ਵੱਧ ਪਾਰ ਕਰ ਚੁੱਕਿਆ ਹੈ, ਜਦੋਂਕਿ ਡੇਂਗੂ ਕਾਰਨ ਜ਼ਿਲ੍ਹੇ ਦੇ ਸਫੀਦੋਂ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਕੱਲ੍ਹ ਲਏ 91 ਟੈਸਟਾਂ ’ਚੋਂ 28 ਮਾਮਲੇ ਡੇਂਗੂ ਦੇ ਪਾਜ਼ੇਟਿਵ ਪਾਏ ਗਏ। ਇਨ੍ਹਾਂ ਨਾਲ ਹੁਣ ਤੱਕ ਜ਼ਿਲ੍ਹੇ ਵਿੱਚ ਡੇਂਗੂ ਦੇ ਮਾਮਲਿਆਂ ਦਾ ਅੰਕੜਾ ਤਿੰਨ ਸੌ ਤੋਂ ਪਾਰ ਕਰ ਗਿਆ ਹੈ। ਡਿਪਟੀ ਸਿਵਲ ਸਰਜਨ ਡਾ. ਪਾਲੇ ਰਾਮ ਕਟਾਰੀਆ ਅਨੁਸਾਰ ਡੇਂਗੂ ਦੇ ਮਾਮਲੇ ਪਿੰਡਾਂ ਦੇ ਮੁਕਾਬਲੇ ਸ਼ਹਿਰ ਵਿੱਚ ਵੱਧ ਹਨ। ਇਹ ਬੱਚੇ ਤੋਂ ਲੈ ਕੇ ਬਜ਼ੁਰਗਾਂ ਵਿੱਚ ਵੀ ਮਿਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜੀਂਦ ਕਰੋਨਾ ਤੋਂ ਮੁਕਤ ਹੋ ਚੁੱਕਿਆ ਹੈ। ਪਿਛਲੇ ਦਿਨੀਂ 462 ਟੈਸਟਾਂ ਦੀ ਰਿਪੋਰਟ ਭੇਜੀ ਗਈ ਸੀ, ਉਨ੍ਹਾਂ ਵਿੱਚੋਂ ਇੱਕ ਵੀ ਕੇਸ ਕਰੋਨਾ ਦਾ ਨਹੀਂ ਮਿਲਿਆ। ਉਨ੍ਹਾਂ ਨੇ ਦੱਸਿਆ ਕਿ ਸਿਹਤ ਵਿਭਾਗ ਦੁਆਰਾ ਹੁਣ ਮਰੀਜ਼ਾਂ ਦੇ ਖੂਨ ਦੀ ਸੈਂਪਲਿੰਗ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਘਰਾਂ ਦੀਆਂ ਪਾਣੀ ਵਾਲੀਆਂ ਟੈਂਕੀਂਆਂ ਦੀ ਸਾਫ਼-ਸਫ਼ਾਈ ਉੱਤੇ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਇੱਥੇ 28 ਮਰੀਜ਼ ਹਸਪਤਾਲ ਵਿੱਚ ਇਲਾਜ ਅਧੀਨ ਹਨ ਅਤੇ ਕੁਝ ਮਰੀਜ਼ ਹੋਰ ਸ਼ਹਿਰਾਂ ਵਿੱਚ ਵੀ ਇਲਾਜ ਕਰਵਾ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਡੇਂਗੂ ਤੋਂ ਬਚਣ ਲਈ ਹਰ ਵਿਅਕਤੀ ਨੂੰ ਆਪਣੇ ਘਰਾਂ ਅਤੇ ਆਲੇ-ਦੁਆਲੇ ਦੀ ਸਫ਼ਾਈ ਉੱਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਕਿਸੇ ਪਾਸੇ ਵੀ ਡੇਂਗੂ ਦਾ ਲਾਰਵਾ ਨਹੀਂ ਹੋਣਾ ਚਾਹੀਦਾ। ਸਿਹਤ ਵਿਭਾਗ ਵੱਲੋਂ ਡੇਂਗੂ ਦੇ ਬਚਾਅ ਲਈ ਹਰ ਉਪਰਾਲੇ ਕੀਤੇ ਜਾ ਰਹੇ ਹਨ।